ਤਪਾ ‘ਚ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ, ਇੱਕ ਗੰਭੀਰ ਜਖ਼ਮੀ

ਤਪਾ, 16 ਨਵੰਬਰ : ਟਿਊਸ਼ਨ ਤੋਂ ਪੜ੍ਹ ਕੇ ਵਾਪਸ ਘਰ ਜਾ ਰਹੇ ਨੌਜਾਵਨਾਂ ਨਾਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਘੁੰਨਸ ਨੂੰ ਜਾਂਦੀ ਲਿੰਕ ਸੜਕ ਤੇ ਟਿਊਸ਼ਨ ਤੋਂ ਵਾਪਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਵਿਦਿਆਰਥੀਆਂ ਦੀ ਇੱਕ ਹੋਰ ਮੋਟਰਸਾਈਲ ਨਾਲ ਟੱਕਰ ਹੋ ਗਈ, ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖ਼ਮੀ ਹੈ। ਮ੍ਰਿਤਕਾਂ ਦੀ ਪਛਾਣ ਦਮਨਪ੍ਰੀਤ ਸਿੰਘ ਵਾਸੀ ਘੁੰਨਸ, ਧਰਮਪ੍ਰੀਤ ਸਿੰਘ, ਗੁਰਦੀਪ ਸਿੰਘ ਵਾਸੀ ਡੱਬਵਾਲੀ ਵਜੋਂ ਹੋਈ ਹੈ। ਸ਼ਿਵਰਾਜ ਸਿੰਘ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪਤਾ ਲੱਗਾ ਹੈ ਕਿ ਇਹ ਟੱਕਰ ਐਨੀ ਜਬਰਦਸਤ ਸੀ ਕਿ ਦਮਨਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਧਰਮਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਮਤੋੜ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਨੌਜਵਾਨ ਸ਼ਿਵਰਾਜ ਸਿੰਘ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤ, ਭਾਣਜਾ ਆਪਣੇ ਕਿਸੇ ਦੋਸਤ ਨੂੰ ਪਿੰਡ ਘੁੰਨਸ ਛੱਡ ਕੇ ਵਾਪਸ ਤਪਾ ਆ ਰਹੇ ਸਨ ਕਿ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਤਪਾ ਤੋਂ ਟਿਊਸ਼ਨ ਪੜ੍ਹ ਕੇ ਜਾ ਰਹੇ ਵਿਦਿਆਰਥੀਆਂ ਧਰਮਪ੍ਰੀਤ ਸਿੰਘ ਤੇ ਦਮਨਪ੍ਰੀਤ ਸਿੰਘ ਦੇ ਮੋਟਰਸਾਈਕਲ ਨਾਲ ਹੋ ਗਈ।