ਪਟਿਆਲਾ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਦੀ ਮੌਤ

ਪਟਿਆਲਾ, 08 ਅਕਤੂਬਰ 2024 : ਪਟਿਆਲਾ-ਬਲਬੇਹੜਾ ਰੋਡ 'ਤੇ ਤੜਕੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ-ਕੈਥਲ ਹਾਈਵੇ ’ਤੇ ਪਿੰਡ ਕੁਲੇਮਾਜਰਾ ਬੀੜ ’ਚ ਲੰਘੀ ਰਾਤ 2 ਗੱਡੀਆਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ’ਚ ਸਵਾਰ ਮਾਂ-ਪੁੱਤ ਜਸਪਾਲ ਕੌਰ (55) ਅਤੇ ਹਰਿੰਦਰ ਸਿੰਘ (38) ਦੀ ਮੌਤ ਹੋ ਗਈ। ਉਹ ਘਨੌਰ ਇਲਾਕੇ ਦੇ ਪਿੰਡ ਆਲਮਦੀ ਪੁਰ ਦੇ ਵਸਨੀਕ ਸਨ। ਕਾਰ ਵਿੱਚ ਬਲਕਾਰ ਸਿੰਘ, ਹਰਭਜਨ ਸਿੰਘ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਵੀ ਸਵਾਰ ਸਨ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਘਿਓਰਾ ਨੇ ਦੱਸਿਆ ਕਿ ਸਾਡਾ ਜਵਾਈ ਹਰਿੰਦਰ ਸਿੰਘ (38) ਆਪਣੇ ਮਾਂ-ਬਾਪ ਨਾਲ ਆਪਣੇ ਪਿੰਡ ਘਿਓਰਾ ਤੋਂ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਸਵਿਫ਼ਟ ਕਾਰ  ’ਚ ਸਵਾਰ ਹੋ ਕੇ ਆਪਣੇ ਪਿੰਡ ਘਨੌਰ ਲਾਗੇ ਲਲੋਦੀਪੁਰ ਜਾ ਰਹੇ ਸਨ। ਜਦੋਂ ਇਹ ਪਿੰਡ ਕੁਲੇਮਾਜਰਾ ਬੀੜ ਕੋਲ ਪਹੁੰਚੇ ਤਾਂ ਅੱਗੋਂ ਤੇਜ਼ ਰਫਤਾਰ ਕਾਰ ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ’ਚ ਹਰਿੰਦਰ ਸਿੰਘ ਪੁੱਤਰ ਚੇਤਨ ਸਿੰਘ ਅਤੇ ਉਸ ਦੀ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੂਜੀ ਗੱਡੀ ਪਟਿਆਲਾ ਤੋਂ ਚੀਕਾ (ਹਰਿਆਣਾ) ਜਾ ਰਹੀ ਸੀ, ਜਿਸ ’ਚ ਪੁਨਮ ਕੁਮਾਰੀ (55) ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ’ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ੇਰੇ ਇਲਾਜ ਹਸਪਤਾਲ ਭਰਤੀ ਹਨ। ਥਾਣਾ ਸਦਰ ਪੁਲਸ ਤਫਤੀਸ਼ ’ਚ ਲੱਗੀ ਹੋਈ ਹੈ। ਪਵਨ ਕੁਮਾਰ ਅਤੇ ਤਿੰਨ ਹੋਰ ਗੌਰਵ, ਚੇਤਨਾ ਅਤੇ ਜੋਤੀ ਰਾਣੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਟਰੱਕ ਚਾਲਕ ਬਲਵੀਰ ਸਿੰਘ ਵਾਸੀ ਪਿੰਡ ਬਗੌੜਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।