ਬਾਬੇ ਦੇ ਭੇਸ਼ ਵਿੱਚ ਆਏ ਲੁਟੇਰੇ ਨੇ ਬਜ਼ੁਰਗ ਜੋੜੇ ਤੋਂ ਲੁੱਟੇ 16 ਲੱਖ ਦੇ ਗਹਿਣੇ, ਪੁਲਿਸ ਵੱਲੋਂ ਜਾਂਚ ਸ਼ੁਰੂ

ਜਲੰਧਰ, 14 ਸਤੰਬਰ : ਸਥਾਨਕ ਸ਼ਹਿਰ ਵਿੱਚ ਬਾਬਿਆਂ ਦੇ ਭੇਸ਼ ਵਿੱਚ ਆਏ ਅਣਪਛਾਤਿਆਂ ਵੱਲੋਂ ਇੱਕ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾਉਂਦਿਆਂ 16 ਲੱਖ ਦੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਾਜ ਨਗਰ ‘ਚ ਬੈਂਕ ਤੋਂ ਵਾਪਸ ਆ ਰਹੇ ਇੱਕ ਬਜ਼ੁਰਗ ਜੋੜੇ ਦਾ ਪਿੱਛਾ ਕਰਦਿਆਂ ਬਾਬੇ ਦੇ ਭੇਸ਼ ਵਿੱਚ ਆਏ ਲੁਟੇਰਿਆਂ ਨੇ ਘਰ ਦੇ ਅੰਦਰ ਵੜ੍ਹ ਕੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਸਿਹਤ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਦਾ ਝਾਂਸਾ ਦੇ ਕੇ ਘਰ ਦਾ ਸੋਨਾ ਡਬਲ ਕਰਨ ਦੀ ਗੱਲ ਆਖੀ, ਜਿਸ ਤੇ ਲੁਟੇਰੇ ਦੀਆਂ ਗੱਲਾਂ ‘ਚ ਆਏ ਬਜ਼ੁਰਗ ਜੋੜੇ ਨੇ ਸੋਨੇ ਦੇ ਗਹਿਣੇ ਉਸਨੂੰ ਦੇ ਦਿੱਤੇ। ਜਿਸ ਤੋਂ ਬਾਅਦ ਲੁਟੇਰੇ ਨੇ ਗਹਿਣਿਆਂ ਨੂੰ ਇੱਕ ਪੋਟਲੀ ਵਿੱਚ ਬੰਨ ਲਿਆ ਅਤੇ ਉਨ੍ਹਾਂ ਨੂੰ ਝਾਸਾ ਦੇ ਕੇ ਹੋਰ ਪੋਟਲੀ ਬਜ਼ੁਰਗ ਜੋੜੇ ਨੂੰ ਦੇ ਦਿੱਤੀ ਅਤੇ ਆਪ ਉੱਥੋਂ ਫਰਾਰ ਹੋ ਗਿਆ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰੌਲਾ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਰੇਤ ਤੇ ਬਜਰੀ ਦੀ ਦੁਕਾਨ ਚੁਲਾਉਣ ਵਾਲੇ ਪੀੜਤ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਹ ਬੈਂਕ ਗਏ ਸਨ, ਜਦੋਂ ਉਹ ਬੈਂਕ ਵਿੱਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਇੱਕ ਬਾਬੇ ਨੇ ਉਨ੍ਹਾਂ ਤੋਂ ਕਿਸੇ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ, ਉਕਤ ਵਿਅਕਤੀ ਬਾਬੇ ਦੇ ਭੇਸ਼ ਵਿੱਚ ਉਸਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨਾ ਚਾਹੁੰਦਾ ਹੈ। ਜਿਸ ਕਾਰਨ ਉਨ੍ਹਾਂ ਨੇ ਨੇੜੇ ਦੇ ਇੱਕ ਗੁਰੂਘਰ ਬਾਰੇ ਦੱਸ ਦਿੱਤਾ। ਉਸੇ ਹੀ ਸਮੇਂ ਇੱਕ ਹੋਰ ਮਹਿਲਾ ਤੇ ਉਸਦਾ ਸਾਥੀ ਆਏ, ਜੋ ਖੁਦ ਨੂੰ ਪਤੀ-ਪਤਨੀ ਦੱਸ ਰਹੇ ਸਨ ਨੇ ਦੱਸਿਆ ਕਿ ਬਾਬਾ ਜੀ ਬਹੁਤ ਪਹੁੰਚੇ ਹੋਏ ਹਨ ਅਤੇ ਤੁਸੀਂ ਭਾਗਾਂ ਵਾਲੇ ਹੋ ਕਿ ਉਨ੍ਹਾਂ ਨੇ ਤੁਹਾਡੇ ਨਾਲ ਗੱਲ ਕੀਤੀ। ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਬਾਬੇ ਨੇ ਉਨ੍ਹਾਂ ਤੋਂ ਮਿੱਠਾ ਪਾਣੀ ਪਿਲਾਉਣ ਲਈ ਕਿਹਾ, ਜਿਸ ਤੇ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਘਰ ਦੂਰ ਹੈ, ਇਸ ਲਈ ਉਹ ਮਿੱਠਾ ਪਾਣੀ ਨਹੀਂ ਪਿਲਾ ਸਕਦੇ।ਇੰਨ੍ਹਾ ਕਹਿ ਕੇ ਉਹ ਘਰ ਨੂੰ ਚੱਲ ਪਏ ਤੇ ਬਾਬਾ ਵੀ ਉਨ੍ਹਾਂ ਦਾ ਪਿੱਛਾ ਕਰਦਾ ਉਨ੍ਹਾਂ ਦੇ ਘਰ ਕੋਲ ਆ ਗਿਆ। ਉਨ੍ਹਾਂ ਦੱਸਿਆ ਕਿ ਬਾਬੇ ਨੇ ਉਨ੍ਹਾਂ ਨੂੰ ਦੁੱਖ ਦੂਰ ਕਰਨ ਦੀ ਗੱਲ ਕਹੀ ਤੇ ਉਨ੍ਹਾਂ ਦੇ ਘਰ ਅੰਦਰ ਆ ਗਿਆ, ਤੇ ਗਹਿਣੇ ਡਬਲ ਕਰਨ ਬਾਰੇ ਕਿਹਾ। ਬਜ਼ੁਰਗ ਜੋੜੇ ਨੇ ਦੱਸਿਆ ਕਿ ਇਸ ਘਟਨਾਂ ਸਬੰਧੀ ਪੁiੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਥਾਣਾ ਬਸਤੀ ਬਾਵਾ ਦੇ ਏਐਸਆਈ ਜਤਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ, ਪਰ ਉਨ੍ਹਾਂ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ ਪੁiੁਲਸ ਵੱਲੋਂ ਨੇੜਲੇ ਇਲਾਕਿਆਂ ਵਿੱਚ ਵੀ ਛਾਣਬੀਣ ਕੀਤੀ ਜਾ ਰਹੀ ਹੈ।