ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਪੁਲਿਸ ਨੇ ਕੀਤਾ ਲਾਠੀਚਾਰਜ

ਟਾਂਡਾ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਇਕ ਮਹੀਨੇ ਲਈ ਬੰਦ ਕਰਵਾਉਣ ਦੇ ਐਲਾਨ ਤੋਂ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਦੀ ਅਗਵਾਈ 'ਚ ਕਿਸਾਨ ਚੋਲਾਂਗ ਟੋਲ ਪਲਾਜ਼ਾ ਟੋਲ ਮੁਕਤ ਕਰਵਾਉਣ ਲਈ ਪਹੁੰਚੇ ਤਾਂ ਅੱਗੇ ਟੋਲ ਮੁਲਾਜ਼ਮ ਵੀ ਕਾਲੀਆਂ ਝੰਡੀਆਂ ਲੈ ਕੇ ਟੋਲ ਅੱਗੇ ਧਰਨੇ ਉਤੇ ਬੈਠ ਗਏ। ਕਿਸਾਨ ਤੇ ਟੋਲ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਮੌਕੇ ਉਤੇ ਮਾਹੌਲ ਤਣਾਅਪੂਰਨ ਹੋ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਟੋਲ ਪਲਾਜ਼ਾ ਉਤੇ ਕੰਮ ਕਰਨ ਵਾਲੇ ਕੁੱਝ ਮੁਲਾਜ਼ਮਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਮੌਕੇ ਐਸਪੀ (ਡੀ) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਹੁਸ਼ਿਆਰਪੁਰ ਪੁਲਿਸ ਵੱਲੋਂ ਮਾਹੌਲ ਨੂੰ ਕਾਬੂ 'ਚ ਕਰ ਲਿਆ ਗਿਆ ਹੈ। ਕਿਸਾਨ ਵੀ ਟੋਲ ਫਰੀ ਕਰਵਾਉਣ ਲਈ ਅੜੇ ਹੋਏ ਹਨ। ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿੰਨੇ ਦਿਨ ਟੋਲ ਬੰਦ ਰਹੇਗਾ ਓਨੇ ਦਿਨ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੇਗੀ। ਇਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮੁਲਾਜ਼ਮਾਂ ਨੇ ਕਿਹਾ ਉਨ੍ਹਾਂ ਦੀ ਰੋਜ਼ੀ-ਰੋਟੀ ਉਤੇ ਲੱਤ ਨਾ ਮਾਰੀ ਜਾਵੇ। ਇਸ ਲਈ ਉਹ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਸੰਘਰਸ਼ ਦਾ ਵਿਰੋਧ ਕਰਨ ਵਾਲੇ ਟੋਲ ਮੁਲਾਜ਼ਮ ਨਹੀਂ ਸਥਾਨਕ ਵਿਧਾਇਕ ਦੇ ਕਰਿੰਦੇ ਹਨ।