ਫਿਰ ਵਿਗੜ ਸਕਦਾ ਮੌਸਮ ਦਾ ਮਿਜਾਜ਼, ਪੰਜਾਬ ਵਿੱਚ ਕੁਝ ਥਾਵਾਂ ‘ਤੇ ਹੋਵੇਗੀ ਬਾਰਿਸ਼ 

ਲੁਧਿਆਣਾ, 13 ਫਰਵਰੀ : ਪੰਜਾਬ ਵਿੱਚ 18 ਫਰਵਰੀ ਤੋਂ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਵਿਗੜਨ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਨਵੀਂ ਪੱਛਮੀ ਸਰਗਰਮੀ ਦੇ ਪ੍ਰਭਾਵ ਕਾਰਨ 18 ਫਰਵਰੀ ਤੋਂ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।  ਸੋਮਵਾਰ ਨੂੰ ਸੂਰਜ ਦੀ ਰੌਸ਼ਨੀ ਦੀ ਕਮੀ ਕਾਰਨ ਦਿਨ ਦਾ ਤਾਪਮਾਨ 1.3 ਡਿਗਰੀ ਤੱਕ ਡਿੱਗ ਗਿਆ। ਹਾਲਾਂਕਿ ਇਹ ਆਮ ਦੇ ਨੇੜੇ ਬਣਿਆ ਹੋਇਆ ਹੈ। ਸੀਤ ਲਹਿਰਾਂ ਕਾਰਨ ਅੰਮ੍ਰਿਤਸਰ ਤੇ ਮੋਗਾ ਘੱਟੋ-ਘੱਟ 3.6 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢੇ ਰਹੇ। ਅੰਮ੍ਰਿਤਸਰ ਵਿੱਚ ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ ਬਰਫ਼ਬਾਰੀ ਕਾਰਨ ਪਹਾੜੀ ਇਲਾਕਿਆਂ ਤੋਂ ਆ ਰਹੀਆਂ ਸੀਤ ਲਹਿਰਾਂ ਕਾਰਨ ਪਹਾੜਾਂ ਨਾਲ ਲੱਗਦੇ ਪੰਜਾਬ ਦੇ ਸ਼ਹਿਰਾਂ ਵਿੱਚ ਖਾਸ ਕਰਕੇ ਬੇਹੱਦ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਦੋਂ ਕਿ ਲੁਧਿਆਣਾ ਦਾ ਘੱਟੋ-ਘੱਟ ਪਾਰਾ 8.4 ਡਿਗਰੀ, ਪਟਿਆਲਾ ਦਾ 7.0 (ਆਮ ਨਾਲੋਂ 2.0 ਡਿਗਰੀ ਘੱਟ), ਪਠਾਨਕੋਟ 6.7, ਬਠਿੰਡਾ 5.0 ਡਿਗਰੀ (ਆਮ ਨਾਲੋਂ 2.5 ਡਿਗਰੀ ਘੱਟ), ਫ਼ਰੀਦਕੋਟ 5.5, ਗੁਰਦਾਸਪੁਰ 6.2, ਐਸਬੀਐਸ ਨਗਰ 7.9, ਬਰਨਾਲਾ ਦਾ ਤਾਪਮਾਨ 5.1, ਜਲੰਧਰ ਦਾ 4.7 ਡਿਗਰੀ ਰਿਕਾਰਡ ਕੀਤਾ ਗਿਆ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 23.7 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 21.7, ਲੁਧਿਆਣਾ ਦਾ 22.0, ਪਟਿਆਲਾ ਦਾ 22.4, ਪਠਾਨਕੋਟ ਦਾ 22.9, ਬਠਿੰਡਾ ਦਾ 22.4, ਫਰੀਦਕੋਟ ਦਾ 21.5, ਗੁਰਦਾਸਪੁਰ ਦਾ 20.0 ਅਤੇ ਜਲੰਧਰ ਦਾ 20.5 ਡਿਗਰੀ ਦਰਜ ਕੀਤਾ ਗਿਆ।