ਸੁਲਤਾਨਪੁਰ ਲੋਧੀ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ, ਤਿੰਨ ਨੌਜਵਾਨਾਂ ਮੌਤ, 3 ਗੰਭੀਰ ਜ਼ਖ਼ਮੀ

ਸੁਲਤਾਨਪੁਰ ਲੋਧੀ, 18 ਜੂਨ 2024 : ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਟਿੱਬਾ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਤਿੰਨ ਨੌਜਵਾਨਾਂ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਦੌਰਾਨ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ ਲਈ ਸੀ.ਐਚ.ਸੀ ਟਿੱਬਾ ਵਿਖੇ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਬਾਈਕ ਅਤੇ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ ਇਹ ਹਾਦਸਾ ਕਿਵੇਂ ਹੋਇਆ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਕਰੀਬ 9.30 ਵਜੇ ਤਲਵੰਡੀ ਚੌਧਰੀਆਂ ਟਿੱਬਾ ਰੋਡ ‘ਤੇ ਪਿੰਡ ਅਮਰਕੋਟ ਨੇੜੇ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਤਿੰਨ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਸੀ.ਐੱਚ.ਸੀ. ਸੈਂਟਰ ਟਿੱਬਾ ਵਿਖੇ ਦਾਖਲ ਕਰਵਾਇਆ, ਜਿੱਥੇ ਭਿਆਨਕ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਮੌਕੇ ‘ਤੇ ਮਾਤਮ ਛਾਅ ਗਿਆ। ਇਸ ਸਬੰਧੀ ਐੱਸਐੱਚਓ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਭਜਨ ਸਿੰਘ, ਚਾਂਦ ਪੁੱਤਰ ਦਰਸ਼ਨ ਵਾਸੀ ਤਲਵੰਡੀ ਚੌਧਰੀਆਂ ਤੇ ਸਾਹਿਲ ਪੁੱਤਰ ਕੁਲਦੀਪ ਸਿੰਘ ਵਾਸੀ ਬਿਧੀਪੁਰ ਵਜੋਂ ਹੋਈ ਹੈ। ਹਾਦਸੇ 'ਚ ਜ਼ਖ਼ਮੀ ਨੌਜਵਾਨਾਂ ਦੀ ਪਛਾਣ ਅਕਾਸ਼ਦੀਪ ਪੁੱਤਰ ਮਹਾਵੀ, ਰਮਨਦੀਪ ਪੁੱਤਰ ਸ਼ਿੰਦਰ ਪਾਲ ਅਤੇ ਲਵਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਿਧੀਪੁਰ ਵਜੋਂ ਹੋਈ ਹੈ। ਵਾਪਰੇ ਭਿਆਨਕ ਸੜਕ ਹਾਦਸੇ ਕਾਰਨ 3 ਨੌਜਵਾਨਾਂ ਦੀ ਹੋਈ ਮੌਤ ਕਾਰਨ ਸਮੁੱਚੇ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਭਾਈ ਜਾ ਰਹੀ ਹੈ।