ਟਾਂਡਾ 'ਚ ਲੁਟੇਰਿਆ ਨੇ ਸਕੂਟੀ ਤੇ ਜਾ ਰਹੀ ਔਰਤ ਤੋਂ ਖੋਹਿਆ ਪਰਸ, ਵਾਪਰਿਆ ਹਾਦਸਾ, ਦੋ ਬੱਚਿਆਂ ਦੀ ਮੌਤ

ਟਾਂਡਾ, 03 ਮਾਰਚ : ਪੰਜਾਬ ਵਿੱਚ ਰੋਜ਼ਾਨਾ ਹੀ ਕਤਲ, ਕੁੱਟਮਾਰ, ਲੁੱਟਣ ਅਤੇ ਚੋਰੀ ਦੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਅੱਜ ਦੇਰ ਸ਼ਾਮ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ, ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਸਕੂਟੀ ਸਵਾਰ ਔਰਤ ਤੋਂ ਪਰਸ ਖੋਹ ਲਿਆ, ਜਿਸ ਕਾਰਨ ਸਕੂਟੀ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਟਕਰਾ ਗਈ ਤੇ ਇਸ ਹਾਦਸੇ ‘ਚ ਸਕੂਟੀ ਤੇ ਸਵਾਰ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਸਕੂਟੀ ਚਾਲਕ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸਕੂਟੀ ਚਾਲਕ ਪ੍ਰਭਜੀਤ ਕੌਰ ਆਪਣੇ ਦੋ ਬੱਚਿਆਂ ਗਗਨਦੀਪ ਕੌਰ (21) ਤੇ ਗੁਰਭੇਜ ਸਿੰਘ (6) ਨਾਲ ਸਕੂਟੀ ਤੇ ਜਾ ਰਹੀ ਸੀ ਕਿ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟੀ ਚਾਲਕ ਪ੍ਰਭਜੀਤ ਕੌਰ ਤੋਂ ਪਰਸ ਖੋਹ ਲਿਆ, ਜਿਸ ਕਾਰਨ ਪ੍ਰਭਜੀਤ ਕੌਰ ਦੀ ਸਕੂਟੀ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ, ਇਸ ਹਾਦਸੇ ‘ਚ ਦੋਵੇਂ ਬੱਚਿਆਂ ਦੀ ਮੌਤ ਹੋ ਗਈ।ਇਸ ਘਟਨਾਂ ਬਾਰੇ ਜਾਣਕਾਰੀ ਮਿਲਦਿਆਂ ਟਾਂਡਾ ਦੇ ਡੀਐਸਪੀ ਕੁਲਵੰਤ ਸਿੰਘ ਤੇ ਐਸਐਚਓ ਮਲਕੀਤ ਸਿੰਘ ਪੁਲਿਸ ਪਾਰਟੀ ਨਾਲ ਪੁੱਜੇ ਤੇ ਘਟਨਾਂ ਦਾ ਜਾਇਜਾ ਲਿਆ, ਲੁਟੇਰਿਆ ਦੀ ਭਾਲ ਲਈ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਲਿਆ ਜਾਵੇਗਾ।