ਐਸਵਾਈਐਲ ਇੱਕਲੇ ਪਾਣੀ ਦੀ ਲੜਾਈ ਨਹੀਂ ਹੈ, ਸਾਡੇ ਜਿਉਣ-ਮਰਨ ਦੀ ਲੜਾਈ ਹੈ : ਗਾਂਧੀ 

ਚੰਡੀਗੜ੍ਹ, 27 ਅਕਤੂਬਰ : ਐਸਵਾਈਐਲ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਹੈ, ਉੱਧਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਲੁਧਿਆਣਾ ਵਿਖੇ ਵਿਰੋਧੀ ਪਾਰਟੀਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੋਈ ਹੈ, ਜਿਸ ਦਾ ਨਾਮ ਉਨ੍ਹਾਂ ਨੇ ਪੰਜਾਬ ਮੰਗਦਾ ਜਵਾਬ ਦਿੱਤਾ ਹੈ। ਪਰ ਮੁੱਖ ਮੰਤਰੀ ਵੱਲੋਂ ਰੱਖੀ ਖੁੱਲ੍ਹੀ ਬਹਿਸ ਤੋਂ ਪਹਿਲਾਂ ਹੀ ਸਾਬਕਾ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ, ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਸਾਬਕਾ ਮੰਤਰੀ ਤ੍ਰਿਪਤ ਸਿੰਘ ਬਾਜਵਾ, ਐਮਪੀ ਸਿਮਰਨਜੀਤ ਸਿੰਘ ਮਾਨ, ਐਮਪੀ ਡਾ. ਅਮਰ ਸਿੰਘ, ਐਮਪੀ ਮੁਹੰਮਦ ਸਦੀਕ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਭਾਗ ਲਿਆ, ਪਰ ਇਸ ਸੈਮੀਨਾਰ ਵਿੱਚ ਸਰਕਾਰ ਦਾ ਕੋਈ ਵੀ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ ਅਤੇ ਨਾ ਹੀ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਪਹੁੰਚੇ। ਇਸ ਸੈਮੀਨਾਰ ਵਿੱਚ ਐਸਵਾਈਐਲ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਸੈਮੀਨਾਰ ਦਾ ਉਦੇਸ਼ ਰਾਜਨੀਤਿਕ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਵਿਦਵਾਨਾਂ, ਕਾਨੂੰਨੀ ਮਾਹਿਰਾਂ ਅਤੇ ਤਜਰਬੇਕਾਰ ਪੱਤਰਕਾਰਾਂ ਦੀ ਮੁਹਾਰਤ ਨੂੰ ਸਾਹਮਣੇ ਲਿਆਉਣਾ ਸੀ ਜਿਨ੍ਹਾਂ ਨੇ ਦਹਾਕਿਆਂ ਤੋਂ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਦਾ ਅਧਿਐਨ ਕੀਤਾ ਹੈ। ਇਸ ਸੈਮੀਨਾਰ 'ਚ ਐਸਵਾਈਐਲ ਦੇ ਮੁੱਦੇ 'ਤੇ ਖਾਸ ਤੌਰ 'ਤੇ ਚਰਚਾ ਕੀਤਾ ਗਈ ਕਿ ਇਸ ਦਾ ਕੀ ਹੱਲ ਕੱਢਿਆ ਜਾ ਸਕਦਾ ਹੈ ਤੇ ਪੰਜਾਬ ਨੂੰ ਇਸ ਦਾ ਕੀ ਨੁਕਸਾਨ ਹੋਵੇਗਾ।

ਸਰਕਾਰ ਸੱਤਾ ਦੇ ਨਸ਼ੇ 'ਚ ਅੰਨ੍ਹੀ ਹੋਈ ਪਈ ਹੈ : ਸੁਨੀਲ ਜਾਖੜ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਕਿ ਇਸ ਸੈਮੀਨਾਰ 'ਚ ਪੰਜਾਬ ਦੇ ਲੀਡਰਾਂ ਨਾਲੋਂ ਮਾਹਿਰ ਜ਼ਿਆਦਾ ਆਏ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦਾ ਨਜ਼ਰੀਆ ਹੋਰ ਹੋ ਸਕਦਾ ਹੈ, ਪਰ ਜੋ ਇਸ ਮੁੱਦੇ ਨਾਲ ਜੁੜੇ ਹੋਏ ਹਨ, ਉਹ ਚੰਗੀ ਤਰਾਂ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ 1 ਨਵੰਬਰ ਦੀ ਬਹਿਸ ਲਈ ਮੁੱਖ ਮੰਤਰੀ ਨੇ ਮੰਚ ਸੰਚਾਲਕ ਲਈ ਜੌੜਾ ਸਾਹਿਬ ਨੂੰ ਜ਼ਿੰਮੇਵਾਰੀ ਦਿਤੀ, ਪਰ ਜੋ ਖੁਦ ਸਰਕਾਰ ਦੇ ਰਹਿਮੋ ਕਰਮ 'ਤੇ ਕੱਟ ਰਹੇ ਉਹ ਨਿਰਪੱਖ ਬਹਿਸ ਕਿਵੇਂ ਕਰਵਾ ਸਕਦੇ ਹਨ। ਜਾਖੜ ਨੇ ਕਿਹਾ ਕਿ ਸਰਕਾਰ ਸੱਤਾ ਦੇ ਨਸ਼ੇ 'ਚ ਅੰਨ੍ਹੀ ਹੋਈ ਪਈ ਹੈ, ਜੋ ਮੁੱਖ ਮੰਤਰੀ ਮਾਨ ਕਦੇ ਖੁਦ ਦੂਜਿਆਂ ਨੂੰ ਭੰਡਦੇ ਰਹੇ ਹੋਣ, ਉਹ ਇਕ ਮਾਮੂਲੀ ਵੀਡੀਉ ਕਾਰਨ ਹੀ ਭਟਕ ਗਏ, ਜਦਕਿ ਗੱਲ ਤਾਂ ਪੰਜਾਬ ਦੇ ਲੋਕਾਂ ਦੀ ਕੀਤੀ ਹੈ।

ਸਰਕਾਰ ਮੁੱਦਿਆਂ ਤੋਂ ਭੱਜ ਰਹੀ ਅਤੇ ਬਹਿਸ ਨੂੰ ਤਮਾਸ਼ਾ ਬਣਾ ਦਿਤਾ : ਮਜੀਠੀਆ
ਅਕਾਲੀ ਆਗੂ ਬਿਰਕਮ ਮਜੀਠੀਆ ਨੇ ਕਿਹਾ ਕਿ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਅਤੇ ਇਸ ਬਹਿਸ ਨੂੰ ਤਮਾਸ਼ਾ ਬਣਾ ਦਿਤਾ। ਮਜੀਠੀਆ ਨੇ ਕਿਹਾ ਕਿ ਸਰਕਾਰ ਕਹਿ ਰਹੀ ਕਿ ਪੰਜਾਬ ਦੇ ਮੁੱਦਿਆਂ ਲਈ ਅੱਧੇ ਘੰਟੇ ਦਾ ਸਮਾਂ ਮਿਲੇਗਾ ਪਰ ਮਸਲਾ ਤਾਂ ਐਸਵਾਈਐਲ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦੇ ਤਾਂ ਰੋਜ਼ਾਨਾ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਚੁੱਕੇ ਜਾ ਰਹੇ ਹਨ। ਮਜੀਠੀਆ ਦਾ ਕਹਿਣਾ ਕਿ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਉਹ ਸਰਕਾਰ ਤੋਂ ਜਵਾਬ ਜ਼ਰੂਰ ਮੰਗਣਗੇ। 

ਸਾਡੇ ਪੰਜਾਬ ਦੇ ਮਸਲੇ ਬੇਹੱਦ ਗੰਭੀਰ ਹੁੰਦੇ ਜਾ ਰਹੇ ਹਨ : ਪਰਗਟ ਸਿੰਘ 
ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਪਾਣੀਆਂ ਤੇ ਚਰਚਾ ਵਿੱਚ ਪਹੁੰਚੇ ਸਾਰੇ ਮਾਹਿਰਾਂ, ਰਾਜਨੀਤਿਕ ਲੀਡਰਾਂ, ਕਿਸਾਨ ਜਥੇਬੰਦੀਆਂ, ਪ੍ਰੋਫ਼ੈਸਰਾਂ, ਨੌਜਵਾਨਾਂ ਨੂੰ ਜੀ ਆਇਆਂ ਨੂੰ, ਇਸ ਦੌਰਾਨ ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ 'ਤੇ ਕੋਈ ਚਿੱਕੜ ਸੁੱਟਣ ਵਾਲੀ ਗੱਲ ਨਹੀਂ ਹੈ, ਜਿੰਨੇ-ਜਿੰਨੇ ਜੋ ਵੀ ਕੀਤਾ ਹੈ, ਉਹ ਸਾਰੀ ਪਾਰਟ ਆਫ਼ ਹਿਸਟਰੀ ਹੈ। ਅਸੀਂ ਇੱਕ ਦੂਜੇ 'ਤੇ ਇੰਨਾ ਚਿੱਕੜ ਸੁੱਟਣ ਲੱਗ ਗਏ ਹਾਂ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਖੇਡਣ ਲਈ ਵੀ ਸਮਰੱਥ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ, ਉਸ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵਿਚਾਰ-ਵਟਾਂਦਰੇ ਲਈ ਵਿਧਾਨ ਸਭਾ ਵਿਚ ਥੋੜ੍ਹਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਮਸਲੇ ਬੇਹੱਦ ਗੰਭੀਰ ਹੁੰਦੇ ਜਾ ਰਹੇ ਹਨ, ਜਿਸ ਦਾ ਸਾਡੇ ਸਮਾਜ ਅਤੇ ਪੰਜਾਬ ਨੂੰ ਬੇਹੱਦ ਨੁਕਸਾਨ ਹੋ ਰਿਹਾ ਹੈ। ਪੰਜਾਬ ਸਾਡਾ ਪਹਿਲਾਂ ਬੇਹੱਦ ਅਹਿਮੀਅਤ ਰੱਖਦਾ ਸੀ, ਜੋਕਿ ਹੁਣ ਹੌਲੀ-ਹੌਲੀ ਛੋਟਾ ਹੁੰਦਾ ਜਾ ਰਿਹਾ ਹੈ। 

ਐਸਵਾਈਐਲ ਇੱਕਲੇ ਪਾਣੀ ਦੀ ਲੜਾਈ ਨਹੀਂ ਹੈ, ਸਾਡੇ ਜਿਉਣ-ਮਰਨ ਦੀ ਲੜਾਈ ਹੈ : ਗਾਂਧੀ 
ਸਾਬਕਾ ਐਮਪੀ ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਚਰਚਾ ਕਰਨਾ ਬਹੁਤ ਵਧੀਆ ਹੈ, ਇਸ ਚਰਚਾ ਵਿੱਚ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਉਸ ਖਿੱਤੇ ਸਬੰਧੀ ਗੱਲ ਕਰ ਰਹੇ ਹਾਂ ਜਿੱਥੇ ਚਾਰੋਂ ਰੁੱਤਾਂ, ਪਾਣੀ, ਹਰਿਆਲੀ ਅਤੇ ਬਹੁਤ ਉਪਜਾਊ ਧਰਤੀ ਪੰਜਾਬ ਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਖਿੱਤੇ ਹਾਂ ਜਿੱਥੇ ਪੰਜਾਬ ਵਰਗੀ ਧਰਤੀ ਹੈ, ਉਨ੍ਹਾਂ ਕਿਹਾ ਕਿ ਪਿਛਲ਼ੇ 70-80 ਸਾਲਾਂ ਤੋਂ ਇਹ ਪੰਜਾਬ ਹੌਲੀ ਹੌਲੀ ਖੁਰਦਾ ਖੁਰਦਾ ਅੱਜ ਮਰਨ ਕਿਨਾਰੇ ਆ ਚੁੱਕਾ ਹੈ, ਪੰਜਾਬ ਦੀ ਜਮੀਨ, ਹਵਾ, ਪਾਣੀ ਅਤੇ ਧਰਤੀ ਬਹੁਤ ਹੀ ਤਰਸ਼ਯੋਗ ਹਾਲਤ ਵਿੱਚ ਹੈ,. ਸਭ ਤੋਂ ਜਿਆਦਾ ਬੁਰਾ ਹਾਲ ਪਾਣੀ ਦਾ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਵੱਲੋਂ 2022 ਵਿੱਚ ਪਾਣੀ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਪਾਣੀ ਆਪਣੇ 15 ਲੱਖ ਟਿਊਵੈਲਾਂ ਨਾਲ ਪਾਣੀ ਵਰਤ ਰਿਹਾ ਹੈ ਤਾਂ ਆਉਣ ਵਾਲੇ 15-16 ਸਾਲਾਂ ਵਿੱਚ ਪੰਜਾਬ ਬੰਜਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐਸਵਾਈਐਲ ਇੱਕਲੇ ਪਾਣੀ ਦੀ ਲੜਾਈ ਨਹੀਂ ਹੈ, ਸਾਡੇ ਜਿਉਣ-ਮਰਨ ਦੀ ਲੜਾਈ ਹੈ। ਗਾਂਧੀ ਨੇ ਕਿਹਾ ਕਿ ਪੰਜਾਬ ਦੀ ਦਾਸਤਾਨ ਬਹੁਤ ਲੰਮੀ ਹੈ, ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਕਾਰਨ ਅੱਜ ਇਸ ਮਾੜੇ ਹਲਾਤਾਂ ਵਿੱਚ ਆ ਚੁੱਕਾ ਹੈ। 

ਕੋਰਟ ਵੱਲੋਂ ਆਰਡਰ ਸਿਰਫ ਐਸਵਾਈਐਲ ਬਣਾਉਣ ਦੇ ਹਨ, ਪਾਣੀ ਨਾਲ ਸਾਡਾ ਕੋਈ ਸਬੰਧ ਨਹੀਂ ਹੈ : ਸੁਖਦੇਵ ਸਿੰਘ 
ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਸੁਭਾਗਾ ਸਮਾਂ ਹੈ ਕਿ ਵੱਖ ਵੱਖ ਪਾਰਟੀਆਂ ਐਸਵਾਈਐਮ ਮੁੱਦੇ ਤੇ ਹਮਦਰਦੀ ਲੈ ਰਹੀਆਂ ਹਨ, ਉਨ੍ਹਾਂ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਅੱਜ ਜੋ ਐਕਵਿਟ ਏਜੰਡਾ ਹੈ, ਉਹ ਐਸਵਾਈਐਲ ਬਣਾ ਕੇ ਦਿਓ, ਉਨ੍ਹਾਂ ਕਿਹਾ ਕਿ ਕੋਰਟ ਵੱਲੋਂ ਇਹ ਆਰਡਰ ਸਿਰਫ ਐਸਵਾਈਐਲ ਬਣਾਉਣ ਦੇ ਹਨ , ਪਾਣੀ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਪਾਣੀ ਹੀ ਨਹੀਂ ਦੇਣਾ ਤਾਂ ਐਸਵਾਈਐਲ ਬਣਾਉਣ ਦੀ ਕੀ ਤੁੱਕ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਜਿਸ ਅਖੌਤੀ ਸਮਝੌਤੇ ਤਹਿਤ ਇਹ ਆਰਡਰ ਕੀਤਾ ਗਿਆ ਹੈ, ਉਹ ਸਮਝੌਤਾ ਕੀ ਹੈ, ਉਹ ਕਿਸ ਨੇ ਕੀਤਾ, ਉਸ ਵਿਅਕਤੀ ਨੇ ਕੀਤਾ, ਜਿਸ ਦੀ ਪੰਜਾਬ ਸਰਕਾਰ ਅੰਦਰ ਕੋਈ ਹੋਂਦ ਨਹੀਂ ਹੈ। ਲੌਗੋਵਾਲ ਇੱਕ ਪਾਰਟੀ ਦਾ ਆਗੂ ਸੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ 3 ਕਰੋੜ ਲੋਕਾਂ ਦੀ ਮਲਕੀਅਤ ਹੈ। ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਅਸੈਂਬਲੀ ਚੁਣ ਲਈ ਹੈ, ਜੋ ਆਪਣੀ ਹੀ ਡਫਲੀ ਵਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਅੱਜ ਇਹ ਮੈਸੇਜ ਜਾਣਾ ਚਾਹੀਦਾ ਸੀ ਕਿ ਪੰਜਾਬ ਦੇ ਲੋਕ ਇਸ ਫੈਸਲੇ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ  ਅਤੇ ਮਾਹਰਾਂ ਨੁ ੰਇੱਕਠਾ ਕਰਨ ਦੀ ਬਜਾਏ ਆਪਣੀ ਹੀ ਡਫਲੀ ਵਜਾਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਅਗਰ ਜਿਆਦਾ ਜਿੱਦ ਕਰਦੀ ਹੈ ਤਾਂ ਅਸੀਂ ਕੁੱਝ ਨਹੀਂ ਕਰ ਸਕਦੇ ਸਿਵਾਏ ਪੰਜਾਬ ਬਰਬਾਦੀ ਦੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਬਰਬਾਦੀ 1948 ਵਿੱਚ ਹੀ ਸ਼ੁਰੂ ਹੋ ਗਈ ਸੀ, ਨਾ ਕਿ 1982 ਵਿੱਚ ਹੋਈ ਹੈ। ਨਾ ਹੀ 1985, ਨਾ ਹੀ 2009 ਵਿੱਚ। ਪੰਂਜਾਬ ਦੀ ਬਰਬਾਦੀ ਈਸਟ ਪੰਜਾਬ ਤੇ ਵੈਸਟ ਪੰਜਾਬ ਵਿੱਚ ਪਾਣੀ ਦਾ ਮੂਲ ਝਗੜਾ ਸੀ। ਈਸਟ ਪੰਜਾਬ ਇੰਡੀਆ ਦਾ ਹਿੱਸਾ ਤੇ ਵੈਸਟ ਪੰਜਾਬ ਪਾਕਿਸਤਾਨ ਦਾ ਹਿੱਸਾ।