ਦੇਸ਼ ਭਰ ਵਿਚ ਆਪ ਦੇ ਪਸਾਰ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ : ਬਾਦਲ 

  • ਪੰਜਾਬ ਬਚਾਓ ਯਾਤਰਾ ਲੁਟੇਰਿਆਂ ਤੋਂ ਸੂਬੇ ਨੂੰ ਬਚਾਉਣ ਵਿਚ ਅਹਿਮ ਆਧਾਰ ਤਿਆਰ ਕਰ ਰਹੀ ਹੈ : ਸੁਖਬੀਰ ਸਿੰਘ ਬਾਦਲ 

ਮਲੋਟ, 15 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਬਚਾਓ ਯਾਤਰਾ ਪੰਜਾਬ ਨੂੰ ਆਮ ਆਦਮੀ ਪਾਰਟੀ (ਆਪ) ਦੇ ਨਾਂ ’ਤੇ ਲੁੱਟਣ ਵਾਲੇ ਲੁਟੇਰਿਆਂ ਤੋਂ ਸੂਬੇ ਨੂੰ ਬਚਾਉਣ ਵਿਚ ਅਹਿਮ ਆਧਾਰ ਤਿਆਰ ਕਰ ਰਹੀ ਹੈ ਅਤੇ ਕਿਹਾ ਕਿ ਦੇਸ਼ ਭਰ ਵਿਚ ਆਪ ਦੇ ਪਸਾਰ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਇਸ ਤਰੀਕੇ ਸੂਬੇ ਤੇ ਇਸਦੇ ਅਰਥਚਾਰੇ ਨੂੰ ਤਬਾਹ ਕੀਤਾ ਜਾ ਰਿਹਾ ਹੈ।ਮਲੋਟ ਤੇ ਬੱਲੂਆਣਾ ਹਲਕਿਆਂ ਵਿਚ ਪੰਜਾਬ ਬਚਾਓ ਯਾਤਰਾ ਦੌਰਾਨ ਸ਼ਮੂਲੀਅਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਵਿਚ ਮਦਦ ਵਾਸਤੇ ਅੱਗੇ ਆਉਣ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਆਪ ਅਤੇ ਦਿੱਲੀ ਤੋਂ ਭੇਜੇ ਗਏ ਇਸਦੇ ਆਗੂਆਂ ਨੂੰ ਰੱਦ ਕੀਤਾ ਜਾਵੇ ਅਤੇ ਨਾਲੋ-ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਤੇ ਗਰੀਬ ਪੱਖੀ ਨੀਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਜੋ ਕਿ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਫਿਰਕੂ ਸਦਭਾਵਨਾ ਵਿਚ ਵਿਸ਼ਵਾਸ ਰੱਖਦਾ ਹੈ। ਇਹ ਪ੍ਰਗਟਾਵਾ ਉਹਨਾਂ ਨੇ ਦੋਹਾਂ ਹਲਕਿਆਂ ਵਿਚ ਕਈ ਕਿਲੋਮੀਟਰ ਲੰਬੇ ਕਾਫਲੇ ਦੀ ਅਗਵਾਈ ਕਰਦਿਆਂ ਕੀਤਾ।ਮਲੋਟ ਵਿਖੇ ਯਾਤਰਾ ਦੇ ਪਿਛਲੇ ਸਾਰੇ ਰਿਕਾਰਡ ਉਸ ਸਮੇਂ ਟੁੱਟ ਗਏ ਜਦੋਂ ਹਜ਼ਾਰਾਂ ਲੋਕਾਂ ਨੇ ਯਾਤਰਾ ਵਿਚ ਸ਼ਮੂਲੀਅਤ ਕੀਤੀ ਅਤੇ ਯਾਤਰਾ ਵਿਚ ਸ਼ਾਮਲ ਲੋਕਾਂ ਦਾ ਸਿਰੋਪਾਓ, ਮਿਠਾਈ, ਢੋਲ ਤੇ ਪਟਾਖਿਆਂ ਨਾਲ ਸਵਾਗਤ ਕੀਤਾ ਗਿਆ। ਹਜ਼ਾਰਾਂ ਲੋਕ ਟਰੈਕਟਰ, ਕਾਰਾਂ ਅਤੇ ਜੀਪਾਂ ਲੈ ਕੇ ਮਲੋਟ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਦੀ ਉਡੀਕ ਕਰਦੇ ਵੇਖੇ ਗਏ। ਸਾਰੇ ਦੁਕਾਨਦਾਰਾਂ ਨੇ ਵੀ ਦੁਕਾਨਾਂ ਤੋਂ ਬਾਹਰ ਹੋ ਕੇ ਫੁੱਲਾਂ ਦੇ ਹਾਰਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਦਾ ਸਵਾਗਤ ਕੀਤਾ। ਮਲੋਟ ਵਿਖੇ ਭਾਵੁਕ ਭਾਸ਼ਣ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੇ ਮਾਤਾ ਜੀ ਸਰਦਾਰਨੀ ਸੁਰਿੰਦਰ ਕੌਰ ਬਾਦਲ  ਦਹਾਕਿਆਂ ਤੋਂ ਮਲੋਟ ਨਾਲ ਜੁੜੇ ਸਨ। ਉਹਨਾਂ ਕਿਹਾ ਕਿ ਨਾ ਸਿਰਫ ਉਹਨਾਂ ਨੇ ਇਸ ਹਲਕੇ ਵਿਚ ਚੋਣ ਮੁਹਿੰਮਾਂ ਦੀ ਅਗਵਾਈ ਕੀਤੀ ਬਲਕਿ ਉਹਨਾਂ ਨੇ ਹਲਕੇ ਦੇ ਸਰਵ ਪੱਖੀ ਵਿਕਾਸ ਵਾਸਤੇ ਵੀ ਕੰਮ ਕੀਤਾ।ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਪਿਛਲੇ 7 ਸਾਲਾਂ ਦੌਰਾਨ ਪਿਛਲੀ ਕਾਂਗਰਸ ਤੇ ਹੁਣ ਆਪ ਸਰਕਾਰ ਦੇ ਰਾਜ ਵਿਚ ਸ਼ਹਿਰੀ ਨਾਗਰਿਕ ਸਹੂਲਤਾਂ ਦਾ ਹਾਲਤ ਬੇਹੱਦ ਮਾੜਾ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਅਕਾਲੀ ਦਲ ’ਤੇ ਮੁੜ ਵਿਸ਼ਵਾਸ ਪ੍ਰਗਟ ਕਰਦਿਆਂ ਫਿਰ ਤੋਂ ਤੇਜ਼ ਰਫਤਾਰ ਵਿਕਾਸ ਦਾ ਯੁੱਗ ਵਾਪਸ ਲਿਆਓ ਅਤੇ ਆਪ ਦੇ ਜੰਗਲ ਰਾਜ ਦਾ ਖ਼ਾਤਮਾ ਕਰੋ। ਉਹਨਾਂ ਨੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਯੂਥ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਲੱਪੀ ਏਨਾਖੇੜਾ ਵੱਲੋਂ ਯਾਤਰਾ ਦੀ ਮਲੋਟ ਫੇਰੀ ਦੌਰਾਨ ਕੀਤੇ ਲਾਮਿਸਾਲ ਪ੍ਰਬੰਧਾਂ ਲਈ ਵੀ ਉਹਨਾਂ ਦੀ ਸ਼ਲਾਘਾ ਕੀਤੀ।ਅੱਜ ਦੀ ਯਾਤਰਾ ਦੌਰਾਨ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇਸਤਰੀ ਅਕਾਲੀ ਦਲ ਦੀਆਂ ਵਾਲੰਟੀਅਰ ਨੇ ਵੀ ਯਾਤਰਾ ਵਿਚ ਸ਼ਮੂਲੀਅਤ ਕੀਤੀ।ਬੱਲੂਆਣਾ ਵਿਖੇ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦੇ ਨਾਲ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਵੀ ਸਨ, ਨੇ ਕਿਹਾ ਕਿ ਆਪ ਦੇ ਰਾਜ ਵਿਚ ਆਪ ਸਰਕਾਰ ਵਿਚ ਪੰਜਾਬ ਕੰਗਾਲ ਹੋ ਗਿਆ ਹੈ ਅਤੇ ਸਰਕਾਰ ਨੇ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਜਿਸ ਵਿਚੋਂ ਬਹੁਤਾ ਪੈਸਾ ਸ੍ਰੀ ਕੇਜਰੀਵਾਲ ਦੇ ਹੋਰਨਾਂ ਰਾਜਾਂ ਵਿਚ ਸਫਰ ਵਾਸਤੇ ਪ੍ਰਾਈਵੇਟ ਜੈਟ ’ਤੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਜੰਗਲ ਦਾ ਰਾਜ ਹੈ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਬੁਰੀ ਤਰ੍ਹਾਂ ਭੰਗ ਹੋ ਚੁੱਕੀ ਹੈ ਅਤੇ ਗੈਂਗਸਟਰ ਸਭਿਆਚਾਰ ਪਨਪ ਰਿਹਾ ਹ ਜਿਸ ਕਾਰਨ ਸੂਬੇ ਵਿਚੋਂ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਇੰਡਸਟਰੀ ਪੰਜਾਬ ਤੋਂ ਯੂ ਪੀ ਚਲੀ ਗਈ ਹੈ।ਇਸ ਮੌਕੇ ਵੱਖ-ਵੱਖ ਧਾਰਮਿਕਸੰਗਠਨਾਂ ਤੋਂ ਇਲਾਵਾ ਸਮਾਜਿਕ ਤੇ ਸਮਾਜ ਭਲਾਈ ਸੰਸਥਾਵਾਂ ਦੇ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਸ਼ਿਕਾਇਤਾਂ ਸੌਂਪੀਆਂ।ਸਰਦਾਰ ਬਾਦਲ ਨੇ ਹਰੇਕ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਸੂਬੇ ਦੇ ਵਿਕਾਸ, ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਸਤੇ ਵਚਨਬੱਧਹੈ ਤੇ ਉਹ ਹਮੇਸ਼ਾ ਪੰਜਾਬ ਨੂੰ ਸਿਖ਼ਰ ’ਤੇ ਲੈ ਕੇ ਜਾਣ ਵਾਸਤੇ ਕੰਮ ਕਰਦਾ ਰਹੇਗਾ।