ਭਗਵੰਤ ਮਾਨ ਨੂੰ ਪੰਜਾਬ ਦਾ ਪੈਸਾ ਖਰਚ ਕਰਕੇ ਸਰਕਾਰ ਦੇ ਜਹਾਜ਼ ਤੇ ਕੇਜਰੀਵਾਲ ਨੂੰ ਪੂਰੇ ਦੇਸ਼ ਵਿੱਚ ਘੁੰਮਾ ਰਹੇ ਹਨ : ਅਮਿਤ ਸ਼ਾਹ

  • ਜਦ ਵੀ ਦੇਸ਼ ਤੇ ਸੰਕਟ ਆਇਆ ਪੰਜਾਬ ਤੇ ਪੰਜਾਬੀਆ ਨੇ ਹਿੱਕ ਤਾਣ ਕੇ ਦੇਸ਼ ਦੀ ਰੱਖਿਆ ਕੀਤੀ ਹੈ : ਅਮਿਤ ਸ਼ਾਹ

ਗੁਰਦਾਸਪੁਰ, 18 ਜੂਨ : ਕੇਂਦਰ ਵਿੱਚ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ ਮਹਾਸੰਪਰਕ ਅਭਿਆਨ ਤਹਿਤ ਹਰ ਲੋਕ ਸਭਾ ਵਿੱਚ ਰੈਲੀਆਂ ਕਰਕੇ ਜਨਤਾ ਸਾਹਮਣੇ ਭਾਰਤ ਦੀ ਤਰੱਕੀ ਅਤੇ ਪ੍ਰਾਪਤੀਆਂ ਦਾ ਵਿਸਤ੍ਰਿਤ ਰਿਪੋਰਟ ਕਾਰਡ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਗੁਰਦਾਸਪੁਰ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਰੂਪ ‘ਚ ਪੁੱਜੇ। ਗੁਰਦਾਸਪੁਰ ਪੁੱਜਣ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇਦਾਰਾਂ ਅਤੇ ਗੁਰਦਾਸਪੁਰ ਜਿਲਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਸਮੇਤ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗੁਲਦਸਤਾ, ਦੁਸ਼ਾਲਾ, ਤਲਵਾਰ ਤੇ ਸ੍ਰੀ ਹਰਮਿੰਦਰ ਸਾਹਿਬ ਦਾ ਮਾਡਲ ਭੇਂਟ ਕਰਕੇ ਸਵਾਗਤ ਕੀਤਾ, ਜਿਸਨੂੰ ਅਮਿਤ ਸ਼ਾਹ ਨੇ ਆਪਣਾ ਸਿਰ ਢੱਕ ਜੈਘੋਸ਼ ਦੇ ਨਾਰਿਆਂ ਵਿੱਚ ਪੂਰੀ ਨਿਮਰਤਾ ਨਾਲ ਸਵੀਕਾਰ ਕੀਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈ ਭਾਗਾਂ ਵਾਲਾ ਹਾਂ, ਮੈਨੂੰ ਗੁਰਦਾਸਪੁਰ ਦੀ ਪਵਿੱਤਰ ਧਰਤੀ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਾ ਹਾਂ। ਪੰਜਾਬ ਅਜਿਹਾ ਸੂਬਾ ਹੈ, ਜਿੱਥੇ ਤਿਰੰਗੇ ਦੇ ਤਿੰਨੋਂ ਰੰਗ ਨਜ਼ਰ ਆਉਂਦੇ ਹਨ। ਕੇਸਰੀ ਰੰਗ ਸ਼ਹੀਦਾਂ ਦੀ ਕੁਰਬਾਨੀ ਦੇ ਅਰਥਾਂ ਵਿੱਚ ਦੇਖਿਆ ਜਾਂਦਾ ਹੈ, ਚਿੱਟਾ ਰੰਗ ਗੁਰੂਆਂ ਦੇ ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਵਿੱਚ ਦੇਖਿਆ ਜਾਂਦਾ ਹੈ ਅਤੇ ਜਦੋਂ ਕਿਸਾਨ ਅੰਨ ਦੇ ਕੇ ਦੇਸ਼ ਦੇ ਗੋਦਾਮਾਂ ਨੂੰ ਭਰਦੇ ਹਨ ਤਾਂ ਸਾਨੂੰ ਹਰਾ ਰੰਗ ਵੀ ਦੇਖਣ ਨੂੰ ਮਿਲਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਦੇਸ਼ ਭਗਤੀ, ਬਰਾਬਰੀ ਅਤੇ ਸਦਭਾਵਨਾ ਦਾ ਪਾਠ ਪੜ੍ਹਾਇਆ। ਇਸ ਦੇ ਚੱਲਦਿਆਂ ਪੰਜਾਬ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰ ਸੰਕਟ ਵਿੱਚ ਪੂਰੇ ਦੇਸ਼ ਦੀ ਰਾਖੀ ਕੀਤੀ ਹੈ। ਦੇਸ਼ ਦਾ ਇਤਿਹਾਸ ਪੰਜਾਬੀਆ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਾਡੇ ਮਿਹਨਤੀ ਕਿਸਾਨ ਪੂਰੇ ਦੇਸ਼ ਦੇ ਅਨਾਜ ਭੰਡਾਰ ਨੂੰ ਭਰਦੇ ਹਨ ਅਤੇ ਸਾਡੇ ਦੇਸ਼ ਦੀ ਤਰੱਕੀ ਵਿੱਚ ਕਿਸਾਨਾਂ ਦਾ ਅਹਿਮ ਯੋਗਦਾਨ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਰਗੀ ਖੋਖਲੇ ਵਾਅਦੇ ਕਰਨ ਵਾਲੀ ਸਰਕਾਰ ਮੈ ਅੱਜ ਤੱਕ ਨਹੀਂ ਦੇਖੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆ ਦੀ ਕੋਈ ਚਿੰਤਾ ਨਹੀਂ ਹੈI ਉਹ ਪੰਜਾਬ ਦਾ ਪੈਸਾ ਖਰਚ ਕਰਕੇ ਪੰਜਾਬ ਸਰਕਾਰ ਦੇ ਜਹਾਜ਼ ਤੇ ਕੇਜਰੀਵਾਲ ਨੂੰ ਪੂਰੇ ਦੇਸ਼ ਵਿੱਚ ਘੁੰਮਾ ਰਹੇ ਹਨ ਤੇ ਕੇਜਰੀਵਾਲ ਦੇ ਪਾਈਲਟ ਦੇ ਤੋਰ ਤੇ ਕੰਮ ਕਰ ਰਹੇ ਹਨ। ਪੰਜਾਬ ਵਿੱਚ ਨਸ਼ਾ, ਦਲਿਤਾਂ ਉੱਪਰ ਅੱਤਿਆਚਾਰ, ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਧਰਨੇ ਦੇ ਰਹੇ ਕਿਸਾਨਾਂ, ਮਜ਼ਦੂਰਾਂ, ਟੀਚਰਾਂ, ਬੇਰੋਜਗਾਰਾਂ ‘ਤੇ ਭਗਵੰਤ ਮਾਨ ਦੇ ਇਸ਼ਾਰੇ ‘ਤੇ ਲਾਠੀਚਾਰਜ ਅਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਪੰਜਾਬ ਦਾ ਹਰ ਵਰਗ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਦੁਖੀ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਮੈ ਭਗਵੰਤ ਮਾਨ ਤੇ ਕੇਜਰੀਵਾਲ ਤੋ ਇਹ ਪੁੱਛਣ ਆਇਆ ਹਾਂ ਕਿ ਸਾਡੀਆਂ ਮਾਂਵਾਂ ਭੈਣਾਂ ਦਾ ਇੱਕ ਹਜ਼ਾਰ ਰੁਪਏ ਮਹੀਨਾ ਭੱਤੇ ਨੂੰ ਉਡੀਕ ਰਹੀਆਂ ਹਨI ਤੁਹਾਡੀ ਮਾਈਨਿੰਗ ‘ਤੋ 20,000 ਕਰੋੜ ਸਲਾਨਾ ਆਮਦਨ ਦਾ ਹਿਸਾਬ ਕਿੱਥੇ ਹੈ? ਤੁਸੀਂ ਤਾਂ ਖਜਾਨੇ ਵਿੱਚ ਸਿਰਫ 125 ਕਰੋੜ ਰੁਪਏ ਹੀ ਜਮਾ ਕਰਵਾਏ ਹਨ, ਜੋ ਪਿਛਲੀਆਂ ਸਰਕਾਰਾਂ ਨਾਲ਼ੋਂ ਵੀ ਘੱਟ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਪੈਸਾ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਖ਼ਰਚਿਆਂ ਜਾ ਰਿਹਾ ਹੈ, ਇਸ ਨਾਲ ਪੰਜਾਬ ਦਾ ਖਜਾਨਾ ਖਾਲੀ ਹੋ ਰਿਹਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਹੁਣ ਪੂਰੀ ਦੁਨੀਆ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈI ਕੋਈ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਤੋ ਸਮਾ ਮੰਗ ਰਿਹਾ ਹੈ, ਕੋਈ ਪੈਰ ਛੂਹ ਰਿਹਾ ਹੈ ਤੇ ਕੋਈ ਆਟੋਗ੍ਰਾਫ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਮੋਦੀ ਮੋਦੀ ਦੇ ਨਾਅਰੇ ਸਾਡੇ 130 ਕਰੋੜ ਭਾਰਤੀਆਂ ਦੇ ਸਨਮਾਨ ਵਿੱਚ ਲੱਗ ਰਹੇ ਹਨ। ਮੋਦੀ ਜੀ ਨੇ ਪੂਰੀ ਦੁਨੀਆ ਵਿੱਚ ਭਾਰਤ ਨੂੰ ਮਾਨ ਸਨਮਾਨ ਦਿਵਾਉਣ ਦਾ ਕੰਮ ਕੀਤਾ ਹੈ। ਅੱਜ ਦੁਨੀਆ ਦੇ ਸਾਰੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਹਰ ਦੇਸ਼ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਕਈ ਲੋਕ ਭਲਾਈ ਸਕੀਮਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਗਰੀਬ ਲੋਕਾਂ ਨੂੰ ਮੁਫਤ ਅਨਾਜ ਦੇਣ ਦਾ ਕੰਮ ਕੀਤਾ ਅਤੇ ਇਸ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ। ਆਮ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਭਾਰਤ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ, ਜਿਸ ਤਹਿਤ ਹਰ ਲੋੜਵੰਦ ਗਰੀਬ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੇ ਕਿਸਾਨਾਂ ਲਈ ‘ਕਿਸਾਨ ਸਨਮਾਨ ਨਿਧੀ’ ਸਮੇਤ ਅਨੇਕਾਂ ਲਾਭਕਾਰੀ ਯੋਜਨਾਵਾ ਨੂੰ ਸਫਲਤਾ ਪੂਰਵਕ ਦੇਸ਼ ਵਿੱਚ ਲਾਗੂ ਕੀਤਾ ਹੈ, ਜਿਸਦਾ ਦੇਸ਼ ਦੇ ਕਿਸਾਨਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ 11.78 ਕਰੋੜ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਰਾਹੀ ਪੈਸਾ ਸਿਧਾ ਉਹਨਾਂ ਦੇ ਖਾਤਿਆਂ ‘ਚ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਗਏ ਹਨI ਗੁਰਦੁਆਰਿਆਂ ਦੇ ਲੰਗਰ 'ਤੇ GST ਹਟਾਉਣ ਦਾ ਕੰਮ ਕੀਤਾ ਗਿਆ, ਜਿਸਦੇ ਤਹਿਤ ਮੋਦੀ ਸਰਕਾਰ 300 ਕਰੋੜ ਤੋਂ ਵੱਧ ਦੀ ਅਦਾਇਗੀ ਖੁੱਦ ਸਹਿਣ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਕੰਮ ਕੀਤਾ। 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਕੰਮ ਵੀ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ। ਪਿੰਡ ਤੇਜ਼ੀ ਨਾਲ ਤਰੱਕੀ ਵੱਲ ਵਧ ਰਹੇ ਹਨ। ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਤੇ ਨਸ਼ਾ ਤਸਕਰੀ ਖਤਮ ਕਰਨ ਲਈ ਅੰਮ੍ਰਿਤਸਰ ਸਾਹਿਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਦਫ਼ਤਰ ਖੋਲਿਆ ਜਾਵੇਗਾ। ਅਸ਼ਵਨੀ ਸਰਮਾ ਨੇ ਰੈਲੀ ਵਿੱਚ ਪਹੁੰਚੇ ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ, ਕਾਲੀ ਸੂਚੀ ਖਤਮ ਕਰਨ ਲਈ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਸਰਬ ਵਿਆਪੀ ਰੂਪ ‘ਚ ਮਨਾਉਣ ਲਈ, ਅਫ਼ਗ਼ਾਨਿਸਤਾਨ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪੂਰੇ ਸ਼ਰਧਾ ਤੇ ਸਤਿਕਾਰ ਨਾਲ ਭਾਰਤ ਲਿਆਉਣ ਲਈ ਅਸੀਂ ਸਾਰੇ ਪੰਜਾਬੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਸ਼ ਨੂੰ ਹਰ ਮੰਚ 'ਤੇ ਮਾਣ ਦਵਾਉਣ ਅਤੇ ਹਰ ਵਰਗ ਨੂੰ ਲਾਹੇਵੰਦ ਸਕੀਮਾਂ ਦਿੱਤੀਆਂ ਹਨ, ਉਨ੍ਹਾਂ ਕਿਹਾ ਕਿ ਪੰਜਾਬ ਨੂੰ 4 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਕਲੱਸਟਰਾਂ ਵਿੱਚ ਕੇਂਦਰੀ ਮੰਤਰੀਆਂ ਵੱਲੋਂ ਕੇਂਦਰ ਸਰਕਾਰ ਦਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਪੇਸ਼ ਕੀਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਨ ਸੰਪਰਕ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਇੱਕ ਮਿਸਡ ਕਾਲ ਨੰਬਰ 9090902024 ਵੀ ਜਾਰੀ ਕੀਤਾ ਗਿਆ ਹੈ। ਇਸ ਸੰਪਰਕ ਮੁਹਿੰਮ ਤਹਿਤ ਭਾਜਪਾ ਕਰੀਬ 5 ਲੱਖ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦਾ ਸਮਰਥਨ ਮੰਗ ਰਹੀ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਦੋਪਹੀਆ ਰੈਲੀ, ਜਨ ਸੰਪਰਕ ਮੀਟਿੰਗ, ਪਿੰਡਾਂ ਵਿੱਚ ਪਰਵਾਸ, ਸੰਵਾਦ, ਗੌਰਵ ਯਾਤਰਾ, ਮੋਦੀ ਮਿੱਤਰ ਮੰਡਲ ਵਰਗੇ ਸਮਾਜਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੋਕੇ ਬੋਲਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਦੇਸ਼ ਭਾਰਤੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ, ਹੁਣ ਸਾਨੂੰ ਮਾਨ ਸਨਮਾਨ ਦਿੰਦੇ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਦਾ ਫਰਜ ਹੈ ਕਿ ਉਹ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਥ ਦੇਣ। ਇਸ ਮੋਕੇ ਤੇ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਭਾਰਤ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਪੰਜਾਬ ਵਿੱਚ ਅਮਨ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਬਾਰਡਰ ਦੇ ਲੋਕਾ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਵਿਸਥਾਰਪੂਰਵਕ ਦੱਸਿਆ ਤੇ ਮੰਗ ਕੀਤੀ ਕਿ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦੀ ਕੀਤਾ ਜਾਵੇ। ਇਸ ਮੌਕੇ ਅਮਿਤ ਸ਼ਾਹ ਦੇ ਨਾਲ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸੰਗਠਨ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸੂਲੂ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਭਾਜਪਾ ਪੰਜਾਬ ਕੇ ਦੇ ਸਹਿ ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਰਾਜੇਸ਼ ਬਾਘਾ, ਫਤਿਹਜੰਗ ਸਿੰਘ ਬਾਜਵਾ, ਰਾਣਾ ਗੁਰਮੀਤ ਸੋਢੀ, ਸੁਭਾਸ਼ ਬੁਰਲਾ, ਭਾਜਪਾ ਆਗੂ ਰਣਇੰਦਰ ਸਿੰਘ, ਬੀਬੀ ਜੈਇੰਦਰ ਕੌਰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਵਿਧਾਇਕ ਜੰਗੀ ਲਾਲ ਮਹਾਜਨ, ਜਨਾਰਦਨ ਸ਼ਰਮਾ, ਰਜਿੰਦਰ ਬਿੱਟਾ, ਰਾਕੇਸ਼ ਜੋਤੀ ਅਤੇ ਹੋਰ ਆਗੂ ਵੀ ਹਾਜ਼ਰ ਸਨ।