ਜਗਰਾਓ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ‘ਚ ਫੌਜੀ ਤੇ ਉਸਦੀ ਪਤਨੀ ਦੀ ਮੌਤ

ਜਗਰਾਓਂ, 24 ਜੁਲਾਈ : ਸਥਾਨਕ ਸ਼ਹਿਰ ਤੋਂ ਸਿੱਧਵਾਂ ਬੇਟ ਨੂੰ ਜਾਂਦੀ ਸੜਕ ਤੇ ਦੇਰ ਸ਼ਾਮ ਵਾਪਰੇ ਇੱਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਦਾ ਨੌਜਵਾਨ ਜੋ ਛੁੱਟੀ ਆਇਆ ਹੋਇਆ ਸੀ, ਆਪਣੀ ਪਤਨੀ ਸੰਦੀਪ ਕੌਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਸਹੁਰੇ ਪਿੰਡ ਰਾਮਗੜ੍ਹ ਭੁੱਲਰ ਤੋਂ ਅਗਵਾੜ ਲੋਪੋਂ (ਜਗਰਾਓਂ) ਨੂੰ ਆਪਣੇ ਘਰ ਵਾਪਸ ਪਰਤ ਰਹੇ ਸਨ, ਜਦੋਂ ਉਹ ਪਿੰਡ ਬੋਦਲ ਵਾਲਾ ਨਜਦੀਕ ਪੁੱਜੇ ਤਾਂ ਜਗਰਾਓ ਸਾਇਡ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਫੌਜੀ ਜਵਾਨ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਸੰਦੀਪ ਕੌਰ ਨੂੰ ਗੰਭੀਰ ਜਖ਼ਮੀ ਹਾਲਤ ‘ਚ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੂੰ ਸ਼ਾਹ ਲੈਣ ‘ਚ ਦਿੱਕਤ ਆ ਰਹੀ ਸੀ, ਜਿਸ ਕਾਰਨ ਸੰਦੀਪ ਕੌਰ ਵੀ ਦਮਤੋੜ ਗਈ। ਕਾਰ ‘ਚ ਸਵਾਰ ਪੰਜੇ ਨੌਜਵਾਨਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ਤੇ ਮੌਜ਼ੂਦ ਲੋਕਾਂ ਨੇ ਤਿੰਨ ਨੂੰ ਕਾਬੂ ਕਰਕੇ ਬੁਰੀ ਤਰ੍ਹਾਂ ਕੁੱੱਟਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾਂ ਵਾਲੀ ਜਗ੍ਹਾ ਪੁੱਜੇ ਥਾਣਾ ਸਦਰ ਜਗਰਾਓ ਦੇ ਇੰਚਾਰਜ ਅਮਰਜੀਤ ਸਿੰਘ ਅਤੇ ਪੁਲਿਸ ਪਾਰਟੀ ਨੇ ਤਿੰਨੋ ਨੌਜਵਾਨਾਂ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਕਾਰ ਕੌਣ ਚਲਾ ਰਿਹਾ ਸੀ, ਇਸ ਬਾਰੇ ਹਿਰਾਸਤ ‘ਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।