ਭਾਖੜਾ ਨਹਿਰ ਵਿਚ ਭੈਣ ਨੇ ਮਾਰੀ ਛਾਲ, ਕੁੜੀ ਨੂੰ ਬਚਾਉਣ ਲਈ ਤਿੰਨ ਭਰਾਵਾਂ ਨੇ ਵੀ ਨਹਿਰ 'ਚ ਮਾਰੀ ਛਾਲ, ਭਰਾ ਭੈਣ ਦੀ ਮੌਤ

ਪਟਿਆਲਾ, 29 ਅਗਸਤ 2024 : ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ 'ਚ ਇੱਕ ਕੁੜੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਇਸ ਦੌਰਾਨ ਕੁੜੀ ਨੂੰ ਬਚਾਉਣ ਲਈ ਉਸ ਦੇ ਤਿੰਨ ਭਰਾਵਾਂ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ, ਆਸ ਪਾਸ ਦੇ ਲੋਕਾਂ ਵੱਲੋਂ ਪਤਾ ਲੱਗਣ 'ਤੇ ਤੁਰੰਤ ਭੱਜ-ਦੌੜ ਕੀਤੀ ਗਈ ਅਤੇ ਉਹਨਾਂ ਵਿਚੋਂ 2 ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ, ਜਿਹੜੇ 2 ਭਰਾਵਾਂ ਨੂੰ ਲੋਕਾਂ ਨੇ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਦਾ ਵਿਆਹ ਰੱਖਿਆ ਹੋਇਆ ਹੈ। ਪਰ ਇਸ ਦੌਰਾਨ ਇੱਕ ਭਰਾ ਦੀ ਵੀ ਮੌਤ ਹੋ ਗਈ। ਸੂਚਨਾ ਹੈ ਕਿ ਭੈਣ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਭਰਾ ਬਾਰੇ ਅਜੇ ਤੱਕ ਕੁੱਝ ਨਹੀਂ ਪਤਾ ਲੱਗਿਆ। ਜਾਣਕਾਰੀ ਅਨੁਸਾਰ ਪਰਿਵਾਰ ਪਿੰਡ ਰਵਾਸ ਦਾ ਰਹਿਣ ਵਾਲਾ ਹੈ। ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ (27) ਵੱਜੋਂ ਹੋਈ ਹੈ, ਜਦਕਿ ਮੁੰਡੇ ਦੀ ਪਛਾਣ ਮੋਹਨ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਘਰ ਦੇ ਵਿੱਚ ਛੋਟੀ ਜਿਹੀ ਲੜਾਈ ਨੂੰ ਲੈ ਕੇ ਭਾਖੜਾ ਦੇ ਉੱਪਰ ਪਹੁੰਚ ਗੀ ਸੀ, ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸਦੇ ਭਰਾ ਭਾਖੜਾ 'ਤੇ ਪਹੁੰਚੇ ਤਾਂ ਕੁੜੀ ਨੇ ਅਚਾਨਕ ਛਾਲ ਮਾਰ ਦਿੱਤੀ। ਮੌਕੇ 'ਤੇ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਭੈਣ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ, ਜਦਕਿ ਨੌਜਵਾਨ ਬਾਰੇ ਕੁੱਝ ਥਹੁ-ਪਤਾ ਨਹੀਂ ਲੱਗਿਆ ਸੀ।