ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਤ

  • ਪੁਲਿਸ ਵੱਲੋਂ ਮੇਜਰ ਦੀ ਸ਼ਿਕਾਇਤ ਤੇ ਐਫਆਈਆਰ ਦਰਜ 
  • ਸਰਚ ਟੀਮ ਨੇ ਮੈਗਜ਼ੀਨ ਸਮੇਤ ਇੰਸਾਸ ਰਾਈਫਲ ਕੀਤੀ ਬਰਾਮਦ

ਬਠਿੰਡਾ, 12 ਅਪ੍ਰੈਲ : ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਕਵਿੱਕ ਰਿਐਕਸ਼ਨ ਟੀਮ ਮੌਕੇ 'ਤੇ ਮੌਜੂਦ ਹੈ। ਪੂਰੇ ਇਲਾਕੇ ਨੂੰ ਘੇਰਾ ਪਾ ਕੇ ਸੀਲ ਕਰ ਦਿੱਤਾ ਗਿਆ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੋਲੀਬਾਰੀ ਬੁੱਧਵਾਰ ਸਵੇਰੇ 4.35 ਵਜੇ ਹੋਈ। ਖੇਤਰ ਵਿੱਚ ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਫਿਲਹਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਸੂਤਰਾਂ ਅਨੁਸਾਰ ਆਰਮੀ ਕੈਂਟ ਬਠਿੰਡਾ ਜੀਓ ਮੈਸ ਵਿੱਚ ਗੋਲੀਬਾਰੀ ਹੋਈ। ਆਰਮੀ ਕੈਂਟ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਕਰੀਬ 2 ਦਿਨ ਪਹਿਲਾਂ ਇੱਕ ਇੰਸਾਸ ਰਾਈਫਲ ਅਤੇ 28 ਕਾਰਤੂਸ ਵੀ ਲਾਪਤਾ ਹੋ ਗਏ ਸਨ। ਇਸ ਘਟਨਾ ਪਿੱਛੇ ਫੌਜ ਦੇ ਕੁਝ ਜਵਾਨਾਂ ਦਾ ਹੱਥ ਹੋ ਸਕਦਾ ਹੈ। ਫੌਜ ਸਥਾਨਕ ਪੁਲਿਸ ਨੂੰ ਛਾਉਣੀ ਖੇਤਰ ਵਿੱਚ ਦਾਖਲ ਨਹੀਂ ਹੋਣ ਦੇ ਰਹੀ ਹੈ।

ਪੁਲਿਸ ਵੱਲੋਂ ਮੇਜਰ ਦੀ ਸ਼ਿਕਾਇਤ ਤੇ ਐਫਆਈਆਰ ਦਰਜ 
ਐਫਆਈਆਰ ਮੁਤਾਬਕ ਚਿੱਟੇ ਕੁੜਤੇ ਪੰਜਾਮੇ ਵਿੱਚ ਦੋ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪੁਲਿਸ ਨੂੰ ਮੇਜਰ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਐਫਆਈਆਰ ਦਰਜ ਕੀਤੀ ਗਈ। ਮੇਜਰ ਆਸੂਤੋਸ਼ ਸ਼ੁਕਲਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੈਨੂੰ ਗਨਰ ਡਿਸਾਈ ਮੋਹਨ ਨੇ ਸਵੇਰੇ 4.30 ਵਜੇ ਆ ਕੇ ਦੱਸਿਆ ਕਿ ਯੂਨਿਟ ਦੇ ਮੈਸ ਦੀ ਬੈਰਕ ਵਿੱਚ ਫਾਈਰਿੰਗ ਹੋਈ ਹੈ ਅਤੇ ਦੋ ਨਾਮਲੂਮ ਵਿਅਕਤੀ ਜਿਨਾਂ ਦੇ ਚਿੱਟੇ ਰੰਗ ਦੇ ਕੁੜਤੇ ਪੰਜਾਮੇ ਪਹਿਨੇ ਹੋਏ ਸਨ, ਮੂੰਹ ਸਿਰ ਕੱਪੜੇ ਨਾਲ ਢੱਕੇ ਹੋਏ ਸਨ। ਅਫਸਰ ਮੈਸ ਦੇ ਸਾਹਮਣੇ ਬਣੀ ਬੈਰਕ ਵਿੱਚੋਂ ਜਿੱਥੇ ਗਨਰ ਸੁੱਤੇ ਸਨ ਬਾਹਰ ਆ ਰਹੇ ਸਨ ਜਿਨਾਂ ਵਿਚੋਂ ਇਕ ਦੇ ਸੱਜੇ ਹੱਕ ਵਿੱਚ ਇੰਨਸਾਸ ਰਾਈਫਲ ਅਤੇ ਦੂਸਰੇ ਦੇ ਸੱਜੇ ਹੱਕ ਵਿੱਚ ਕੁਹਾੜੀ ਫੜੀ ਹੋਈ ਸੀ, ਜਿਨਾਂ ਦੇ ਕੱਦ ਦਰਮਿਆਨੇ ਤੇ ਸਿਹਤ ਸੂਦ ਸਨ ਜੋ ਮੈਨੂੰ ਦੇਖਕੇ ਬੈਰਕ ਦੇ ਖੱਬੀ ਸਾਈਡ ਜੰਗਲ ਵੱਲ ਨੂੰ ਚਲੇ ਗਏ। ਜਿਸ ਇਤਲਾਹ ਤੇ ਮੈਂ ਅਤੇ ਕੈਪਟਨ ਸਾਤਨੂੰ ਮੌਕੇ ਉਤੇ ਆਏ ਜਦੋਂ ਅਸੀਂ ਬੈਰਕ ਉਪਰ ਵਾਲੀ ਬਿਲਡਿੰਗ ਵਿੱਚ ਗਏ ਤਾਂ ਪਹਿਲੇ ਕਮਰੇ ਵਿੱਚ ਦੇਖਿਆ ਜਿੱਥੇ ਗਨਰ ਦੀਆਂ ਲਾਸ਼ਾਂ ਪਈਆਂ ਸਨ।

ਸਰਚ ਟੀਮ ਨੇ ਮੈਗਜ਼ੀਨ ਸਮੇਤ ਇੰਸਾਸ ਰਾਈਫਲ ਕੀਤੀ ਬਰਾਮਦ
ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫ਼ਾਈਰਿੰਗ ਦੌਰਾਨ ਮਾਰੇ ਗਏ ਚਾਰ ਫ਼ੌਜੀ ਜਵਾਨਾਂ ਦੇ ਮਾਮਲੇ ਵਿਚ ਭਾਵੇਂ ਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਖ਼ਬਰ ਸਾਹਮਣੇ ਨਹੀਂ ਆਈ, ਪਰ ਇਸ ਮਾਮਲੇ ਵਿਚ ਹੁਣ ਨਵਾਂ ਖੁਲਾਸਾ ਹੋਇਆ ਹੈ। ਦਰਅਸਲ, ਬਠਿੰਡਾ ਮਿਲਟਰੀ ਸਟੇਸ਼ਨ ਗੋਲੀਬਾਰੀ ਦੀ ਘਟਨਾ ਵਿੱਚ ਸਰਚ ਟੀਮ ਨੇ ਮੈਗਜ਼ੀਨ ਸਮੇਤ ਇੰਸਾਸ ਰਾਈਫਲ ਬਰਾਮਦ ਕੀਤੀ ਹੈ। ਏਐਨਆਈ ਨੇ ਭਾਰਤੀ ਫ਼ੌਜ ਦੇ ਹਵਾਲੇ ਨਾਲ ਦੱਸਿਆ ਕਿ, ਬਠਿੰਡਾ ਮਿਲਟਰੀ ਸਟੇਸ਼ਨ ਵਿਚ ਹੋਈ ਗੋਲੀਬਾਰੀ ਮਾਮਲੇ ਵਿਚ ਫੌਜ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਹੁਣ ਹੋਰ ਵੇਰਵੇ ਪ੍ਰਾਪਤ ਕਰਨ ਲਈ ਹਥਿਆਰ ਦਾ ਫੋਰੈਂਸਿਕ ਵਿਸ਼ਲੇਸ਼ਣ ਕਰਨਗੀਆਂ। ਪੰਜਾਬ ਪੁਲਿਸ ਨਾਲ ਸਾਂਝੀ ਜਾਂਚ ਜਾਰੀ ਹੈ। ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।