ਪੰਜਾਬ ਕਾਂਗਰਸ ‘ਚ ਬਗਾਵਤ, ਸਾਬਕਾ ਮੰਤਰੀ ਤੇ ਵਿਧਾਇਕ ਟਿਕਟ ਨਾ ਮਿਲਣ ਕਾਰਨ ਨਰਾਜ਼, ਪਾਰਟੀ ਛੱਡਣ ਦੇ ਚਰਚੇ 

ਚੰਡੀਗੜ੍ਹ, 16 ਅਪ੍ਰੈਲ : ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਉੱਥੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਕੁੱਝ ਰਾਜਨੀਤਿਕ ਆਗੂਆਂ ਵੱਲੋਂ ਜੋ ਟਿਕਟ ਦੀ ਦੌੜ ਵਿੱਚ ਸਨ, ਨੂੰ ਟਿਕਟ ਨਾ ਮਿਲਣ ਕਰਕੇ ਆਪਣੀ ਨਾਰਾਜ਼ਗੀ ਜਾਹਰ ਕੀਤੀ ਜਾ ਰਹੀ ਹੈ। ਜਿਸ ਦੀ ਤਾਜ਼ਾ ਮਿਸ਼ਾਲ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਵੱਲੋਂ ਜਾਹਰ ਕੀਤੀ ਆਪਣੀ ਨਰਾਜ਼ਗੀ ਤੋਂ ਸਾਫ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਬੀਤੇ ਦਿਨੀਂ ਪੰਜਾਬ ਕਾਂਗਰਸ ਵੱਲੋਂ ਲਿਸਟ ਜਾਰੀ ਕੀਤੀ ਗਈ ਸੀ, ਉਥੇ ਵੱਖ-ਵੱਖ ਹਲਕਿਆਂ ਵਿਚ ਕੁਝ ਟਕਸਾਲੀ ਆਗੂਆਂ ਵੱਲੋਂ ਬਗਾਵਤੀ ਤੇਵਰ ਦਿਖਾਏ ਜਾ ਰਹੇ ਹਨ। ਸੂਤਰਾਂ ਦੇ ਬਵਾਲੇ ਤੋਂ ਖਬਰ ਹੈ ਕਿ ਪਟਿਆਲਾ, ਚੰਡੀਗੜ੍ਹ ਤੇ ਸੰਗਰੂਰ ਲੋਕ ਸਭਾ ਹਲਕੇ ਦੇ ਵੱਡੇ ਲੀਡਰਾਂ ਨੇ ਬਗਾਵਤੀ ਤੇਵਰ ਦਿਖਾਏ ਹਨ ਜਿਸ ਤਹਿਤ ਕਈ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਪਾਰਟੀ ਛੱਡ ਸਕਦੇ ਹਨ। ਕਾਂਗਰਸ ਹਾਈਕਮਾਨ ਨੂੰ ਵੀ ਨਾਰਾਜ਼ ਕਾਂਗਰਸੀ ਲੀਡਰਾਂ ਨੇ ਚਿੱਠੀ ਲਿਖੀ ਹੈ। ਦੱਸ ਦੇਈਏ ਕਿ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਟਿਕਟ ਦੇਣ ਦਾ ਵਿਰੋਧ ਕਾਂਗਰਸੀ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਹੈ। ਨਾਰਾਜ਼ ਟਕਸਾਲੀ ਆਗੂਆਂ ਨੇ 20 ਅਪ੍ਰੈਲ ਤੱਕ ਦਾ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਵੱਲੋਂ ਪ੍ਰਾਈਵੇਟ ਮੀਟਿੰਗਾਂ ਸੱਦੀਆਂ ਜਾ ਰਹੀਆਂ ਹਨ। ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਵੱਲੋਂ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 20 ਅਪ੍ਰੈਲ 2024 ਨੂੰ ਸੱਦੀ ਗਈ ਹੈ। ਮੀਟਿੰਗ ਵਿਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਵਿਚ ਪੈਦਾ ਹੋਇਆ ਇਹ ਕਲੇਸ਼ ਵੱਡਾ ਰੂਪ ਧਾਰ ਸਕਦਾ ਹੈ।