ਜਗਰਾਓਂ ਪਹੁੰਚਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਬਕਾ ਫੌਜੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਰੋਸ ਪ੍ਰਦਰਸ਼ਨ

ਜਗਰਾਉਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਗਰਾਓਂ ਪਹੁੰਚਣ ਤੇ ਸਾਬਕਾ ਫੌਜੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਸਾਬਕਾ ਫ਼ੌਜੀਆ ਦੇ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਹੈ। ਸਾਬਕਾ ਫ਼ੌਜੀਆਂ  ਨੂੰ ਭਾਰੀ ਪੁਲਿਸ ਫੋਰਸ ਨੇ ਬੱਸ ਸਟੈਂਡ ਨੇੜੇ ਰੋਕ ਲਿਆ। ਦੂਜੇ ਪਾਸੇ ਲੁਧਿਆਣਾ ਸਾਈਡ ਜੀਟੀ ਰੋਡ 'ਤੇ ਸੰਤ ਦਰਬਾਰਾ ਸਿੰਘ ਲੋਪੋ ਦੇ ਆਸ਼ਰਮ ਨੇੜੇ ਸਾਬਕਾ ਫੌਜੀਆਂ ਦੇ ਦਫ਼ਤਰ 'ਚ ਇਕੱਠੇ ਹੋਏ ਮੈਂਬਰਾਂ ਨੂੰ ਪੁਲਿਸ ਨੇ ਰੋਕ ਲਿਆ| ਸਾਬਕਾ ਸੈਨਿਕਾਂ ਵੱਲੋਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਕਾਰਨ ਅਸੀਂ ਪ੍ਰਸ਼ਾਸਨ ਤੇ ਸਿਆਸਤਦਾਨਾਂ ਤੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਾਂ। ਸਾਡੀ ਮੰਗ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ, ਜਿਸ ਵਿਚ ਇਕ ਮੈਂਬਰ ਜੀਓਜੀ ਟੀਮ ਤੇ ਇਕ ਵਿਰੋਧੀ ਪਾਰਟੀ ਦਾ ਹੋਵੇ। ਸਾਡੇ ਵੱਲੋਂ ਪ੍ਰਾਪਤ ਫੀਡਬੈਕ ਦੀ ਜਾਂਚ ਕੀਤੀ ਜਾਵੇ ਤੇ ਵਿਭਾਗ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਸ਼ੇਰ ਗਿੱਲ ਤੇ ਕੈਪਟਨ ਅਮਰਿੰਦਰ ਸਿੰਘ (ਸਾਬਕਾ ਮੁੱਖ ਮੰਤਰੀ ਪੰਜਾਬ) ਨੇ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਦਾ ਕਲੰਕ ਮਿਟਾਉਣ ਤੇ ਲੋੜਵੰਦ ਵਰਗ ਨੂੰ ਸਰਕਾਰ ਦੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਉਣ ਲਈ ਸਾਬਕਾ ਫ਼ੌਜੀਆਂ  ਦੀਆਂ ਸੇਵਾਵਾਂ ਲਈਆਂ। ਸੈਨਿਕ ਆਪਣੀ ਸੇਵਾ ਦੌਰਾਨ ਸਰਹੱਦਾਂ ਦੀ ਰਾਖੀ ਕਰਦੇ ਹਨ। GOG ਨੇ ਸੱਚੇ ਫ਼ੌਜੀਆਂ  ਦੀ ਨਿਸ਼ਠਾ ਤੇ ਸਮਰਪਣ ਨੂੰ ਸਖ਼ਤ ਮਿਹਨਤ ਨਾਲ ਸਾਬਿਤ ਕੀਤਾ।