ਰਾਜੋਆਣਾ ਨੇ ਭੁੱਖ ਹੜਤਾਲ ਰੱਖਣ ਦੇ ਆਪਣੇ ਫੈਸਲੇ ਨੂੰ ਅੱਗੇ ਪਾਇਆ, ਜਥੇਦਾਰ ਆਕਾਲ ਤਖਤ ਨੂੰ ਲਿਖੀ ਚਿੱਠੀ

ਅੰਮ੍ਰਿਤਸਰ, 14 ਨਵੰਬਰ : ਕਈ ਸਾਲਾਂ ਤੋਂ ਜੇਲ੍ਹ ਵਿਚ ਨਜ਼ਰਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁੜ ਪੱਤਰ ਲਿਖਿਆ ਹੈ। ਰਾਜੋਆਣਾ ਨੇ ਕਿਹਾ ਕਿ ਉਹ ਭੁੱਖ ਹੜਤਾਲ ਰੱਖਣ ਦੇ ਅਪਣੇ ਫੈਸਲੇ ਨੂੰ 20 ਦਿਨਾਂ ਦੇ ਲਈ ਅੱਗੇ ਪਾ ਰਹੇ ਹਨ।
ਰਾਜੋਆਣਾ ਨੇ ਤਾਜ਼ਾ ਪੱਤਰ ਵਿਚ ਲਿਖਿਆ, “ਸਤਿਕਾਰਯੋਗ, 
ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, 
   ਵਾਹਿਗੁਰੂ ਜੀ ਕਾ ਖਾਲਸਾ ॥
   ਵਾਹਿਗੁਰੂ ਜੀ ਕੀ ਫ਼ਤਹਿ ॥

ਸਿੰਘ ਸਾਹਿਬ ਜੀ, ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ।  ਸਿੰਘ ਸਾਹਿਬ ਜੀ, ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੋ ਚਿੱਠੀਆਂ ਲਿਖ ਕੇ 12 ਸਾਲ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਲਈ ਰਾਸ਼ਟਰਪਤੀ ਜੀ ਕੋਲ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ। 12 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਬਹੁਤ ਹੀ ਸੋਚ ਵਿਚਾਰ ਕੇ, ਸਾਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਕੇ ਹੀ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹਰ ਹਾਲਤ ਵਿੱਚ ਇਸ ਅਪੀਲ ਨੂੰ ਵਾਪਸ ਕਰਵਾਉਣਾ ਚਾਹੁੰਦਾ ਹਾਂ। ਸਿੰਘ ਸਾਹਿਬ ਜੀ, ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਮੇਰੇ ਨਾਲ ਸਰੀਰਕ ਅਤੇ ਮਾਨਸਿਕ ਤਸਦੱਦ ਕਰਨ ਦੀ ਨੀਅਤ  ਦੇ ਨਾਲ ਇੱਕ ਸਾਜਿਸ਼ ਅਤੇ ਏਜੰਡੇ ਦੇ ਤਹਿਤ ਮੰਦ ਭਾਵਨਾ  ਨਾਲ ਇਸ ਅਪੀਲ ਤੇ 12 ਸਾਲ ਬਾਅਦ ਵੀ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ। ਜਿਸ ਅਪੀਲ ਤੇ 6 ਮਹੀਨੇ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਰੁਟੀਨ ਵਿੱਚ ਫੈਸਲਾ ਹੋ ਜਾਣਾ ਚਾਹੀਦਾ ਸੀ। ਨਾ ਹੀ ਇਸ ਅਪੀਲ ਤੇ ਅੱਗੇ ਕੋਈ ਫੈਸਲਾ ਹੋਣ ਦੀ ਸੰਭਾਵਨਾ ਹੈ।  ਇਸ ਅਪੀਲ ਤੇ ਫੈਸਲਾ ਕਰਵਾਉਣ ਦੇ ਲਈ ਪਹਿਲਾਂ ਵੀ ਕਈ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ  ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੋਗ ਕਦਮ ਉਠਾਉਣ ਦੇ ਲਈ ਆਦੇਸ਼ ਜਾਰੀ ਹੋ ਚੁੱਕੇ ਹਨ। ਪਰ ਹੁਣ ਤੱਕ ਉਨ੍ਹਾਂ ਦਾ ਕੋਈ ਵੀ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ।  ਸਿੰਘ ਸਾਹਿਬ ਜੀ, ਭੁੱਖ ਹੜਤਾਲ ਰੱਖਣਾ ਮੇਰਾ ਮਕਸਦ ਨਹੀਂ ਹੈ। ਮੇਰਾ ਮਕਸਦ ਤਾਂ 12 ਸਾਲਾਂ ਤੋਂ ਆਪਣੇ ਫੈਸਲੇ ਦੀ ਉਡੀਕ ਕਰਦੀ ਇਸ ਅਪੀਲ ਨੂੰ ਵਾਪਸ ਕਰਵਾਉਣਾ ਹੈ। ਮੈਂ ਬੰਦੀ ਛੋੜ ਦਿਵਸ ਤੇ ਆਪ ਜੀ ਵੱਲੋਂ ਖਾਲਸਾ ਪੰਥ ਨੂੰ ਦਿੱਤੇ ਸੰਦੇਸ਼ ਦੇ ਵਿੱਚ ਪ੍ਗਟਾਈਆਂ ਗਈਆਂ ਭਾਵਨਾਵਾਂ ਦਾ ਸਨਮਾਨ ਅਤੇ ਸਤਿਕਾਰ ਕਰਦਾ ਹਾਂ। ਇਸ ਲਈ ਅਪੀਲ ਵਾਪਸ ਨਾ ਹੋਣ ਦੀ ਸੂਰਤ ਵਿੱਚ ਮੈਂ ਭੁੱਖ ਹੜਤਾਲ ਰੱਖਣ ਦੇ ਆਪਣੇ ਫੈਸਲੇ ਨੂੰ 20 ਦਿਨਾਂ ਦੇ ਲਈ ਅੱਗੇ ਪਾਉਂਦਾ ਹਾਂ। ਸਿੰਘ ਸਾਹਿਬ ਜੀ, ਹੁਣ ਮੈਂ ਆਪਣੀਆਂ ਸੰਸਥਾਵਾਂ ਦੇ ਆਗੂਆਂ ਵੱਲੋਂ  ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬੋਝ ਨੂੰ ਅਤੇ ਕੇਂਦਰ ਸਰਕਾਰ ਦੀ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ।  ਦਸਮੇਸ਼ ਪਿਤਾ ਜੀ  ਨੇ ਖਾਲਸਾ ਪੰਥ ਦੀ ਸਾਜਨਾ ਹੀ ਜ਼ੁਲਮ ਅਤੇ ਬੇਇਨਸਾਫੀਆਂ ਦੇ ਖਿਲਾਫ਼ ਕੀਤੀ ਹੈ। ਇਸ ਲਈ ਮੇਰੀ ਆਪ ਜੀ ਤੋਂ ਹੁਣ ਵੀ ਇਹੀ ਮੰਗ ਹੈ ਕਿ ਰਾਸਟਰਪਤੀ ਕੋਲ 12 ਸਾਲ ਪਹਿਲਾਂ ਪਾਈ ਗਈ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਜਾਵੇ ਤਾਂ ਕਿ ਦਿੱਲੀ ਦੇ ਹੁਕਮਰਾਨਾਂ ਦੇ ਇਨਸਾਫ਼ ਦੇ ਤਰਾਜੂ ਦਾ ਸੱਚ ਸਾਰੀ ਦੁਨੀਆਂ ਦੇ ਸਾਹਮਣੇ ਰੱਖਿਆ ਜਾ ਸਕੇ, ਕਿਉਂਕਿ ਜਿਹੜੇ ਹੁਕਮਰਾਨ ਕਿਸੇ  ਵਿਅਕਤੀ ਨੂੰ 17 ਸਾਲ ਫਾਂਸੀ ਚੱਕੀ ਵਿੱਚ ਬੈਠਾ ਕੇ ਰੱਖਣ  ਉਸ ਦੀ ਅਪੀਲ ਤੇ 12 ਸਾਲ ਤੱਕ ਫੈਸਲਾ ਹੀ ਨਾ ਕਰਨ, ਉਨ੍ਹਾਂ ਤੋਂ ਇਨਸਾਫ਼ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। 

ਖਾਲਸਾ ਪੰਥ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ 
ਬਲਵੰਤ ਸਿੰਘ ਰਾਜੋਆਣਾ

01