ਨੂਰਪੁਰ ਬੇਦੀ ‘ਚ ਦੋ ਪਰਿਵਾਰਾਂ ‘ਚ ਹੋਇਆ ਝਗੜਾ, ਚੱਲੀ ਗੋਲੀ, ਦੋ ਦੀ ਮੌਤ, ਇੱਕ ਗੰਂਭੀਰ ਜਖ਼ਮੀ

ਨੂਰਪੁਰ ਬੇਦੀ, 31 ਅਕਤੂਬਰ : ਨੂਰਪੁਰ ਬੇਦੀ ਦੇ ਨੇੜਲੇ ਪਿੰਡ ਕਰਤਾਰਪੁਰ ਵਿੱਚ ਗੋਲੀਮਾਰ ਕੇ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਮਹਿਲਾ ਬਲਾਕ ਕਾਂਗਰਸ ਦੀ ਸੰਮਤੀ ਮੈਂਬਰ ਭੋਲੀ ਦੇਵੀ ਦੇ ਪਤੀ ਕਰਮ ਚੰਦ ਤੇ ਭਰਜਾਈ ਗੀਤਾ ਦੇਵੀ ਵਜੋਂ ਹੋਈ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਰਤਾਰਪੁਰ ‘ਚ ਬੀਤੀ ਰਾਤ ਕਰੀਬ ਰਾਤ 10 ਵਜੇ ਦੋ ਪਰਿਵਾਰ ਕਿਸੇ ਗੱਲ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ, ਜਿਸ ਕਾਰਨ 15-20 ਲੋਕ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ, ਜਦੋਂ ਗੋਲੀਬਾਰੀ ਹੋਈ ਤਾਂ ਗੀਤਾ, ਕਰਮਚੰਦ ਅਤੇ ਸੰਜੂ ਨਾਮ ਦਾ ਨੌਜਵਾਨ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਪਰਿਵਾਰਿਕ ਮੈਂਬਰ ਜਖ਼ਮੀਆਂ ਨੂੰ ਤੁਰੰਤ ਸਿੰਘਪੁਰ ਹਸਪਤਾਲ ‘ਚ ਲੈ ਗਏ, ਜਿੱਥੇ ਡਾਕਟਰਾਂ ਨੇ ਗੀਤਾ ਦੇਵੀ ਅਤੇ ਕਰਮਚੰਦ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸੰਜੂ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਐਸਐਚਓ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਵੀ ਕੁਮਾਰ, ਕਾਲਾ, ਜਸਵੰਤ, ਰਤੀਰਾਮ, ਰੋਹਿਤ ਕੁਮਾਰ, ਨੀਰਜ ਕੁਮਾਰ, ਪੰਮਾ, ਲਵਲੀ, ਧਰਮਪਾਲ, ਜੈਚੰਦ ਸਮੇਤ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ।