ਪੰਜਾਬ ਪੁਲਿਸ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨਾਲ ਸਾਂਝੇ ਤੌਰ 'ਤੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ‘ਤੇ ਸ਼ਿਕੰਜਾਂ ਕੱਸਿਆ, 25 ਵਿਰੁੱਧ ਮਾਮਲਾ ਦਰਜ

  • ਸੂਬੇ ਭਰ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿਖੇ 20 ਐਫਆਈਆਰਜ਼ ਕੀਤੀਆਂ ਗਈਆਂ ਦਰਜ
  • ਇਹ ਟਰੈਵਲ ਏਜੰਟ ਲੋੜੀਂਦੇ ਲਾਇਸੈਂਸ ਤੋਂ ਬਿਨਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਲਾਲਚ ਦੇਣ ਲਈ ਸੋਸ਼ਲ ਮੀਡੀਆ ਦੀ ਕਰ ਰਹੇ ਸਨ ਵਰਤੋਂ: ਏਡੀਜੀਪੀ ਐਨਆਰਆਈ ਮਾਮਲੇ
  • ਏਡੀਜੀਪੀ ਪ੍ਰਵੀਨ ਕੇ ਸਿਨਹਾ ਨੇ ਲੋਕਾਂ ਨੂੰ ਸਿਰਫ ਵੈਧ ਰਿਕਰੂਟਿੰਗ ਏਜੰਟ (ਆਰਏ) ਲਾਇਸੈਂਸ ਪ੍ਰਾਪਤ ਏਜੰਸੀਆਂ ਕੋਲ ਜਾਣ ਲਈ ਹੀ ਕਿਹਾ

ਚੰਡੀਗੜ੍ਹ, 11 ਸਤੰਬਰ 2024 : ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਤਾਲਮੇਲ ਨਾਲ ਸੋਸ਼ਲ ਮੀਡੀਆ 'ਤੇ ਵਿਦੇਸ਼ੀ ਨੌਕਰੀਆਂ ਸਬੰਧੀ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਕਰਨ ਦੇ ਦੋਸ਼ ਹੇਠ ਸੂਬੇ ਦੇ 25 ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਵੱਲੋਂ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਗਿਆ ਹੈ। ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੇ ਸਿਨਹਾ ਨੇ ਅੱਜ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਮਨਜ਼ੂਰੀ ਤੋਂ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਇਸ਼ਤਿਹਾਰ ਦੇ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਰੂਪ ਵਿੱਚ  ਤਸਦੀਕ ਕੀਤੀ ਅਤੇ ਉਨ੍ਹਾਂ ਵਿਰੁੱਧ ਐਫਆਈਆਰਜ਼ ਦਰਜ ਕੀਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਐਸ.ਏ.ਐਸ.ਨਗਰ ਸਮੇਤ ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 20 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਏਡੀਜੀਪੀ ਨੇ ਕਿਹਾ ਕਿ ਇਹ ਕਾਰਵਾਈ ਖਾਸ ਤੌਰ 'ਤੇ ਉਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕੀਤੀ ਗਈ ਹੈ, ਜੋ ਆਨਲਾਈਨ ਪਲੇਟਫਾਰਮਾਂ 'ਤੇ ਇਸ਼ਤਿਹਾਰ ਦੇ ਕੇ ਪੀੜਤਾਂ, ਜ਼ਿਆਦਾਤਰ ਨੌਜਵਾਨਾਂ, ਅਤੇ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮਿਹਨਤ ਦੀ ਕਮਾਈ ਨੂੰ ਲੁੱਟਣ ਲਈ ਵਿਦੇਸ਼ੀ ਨੌਕਰੀਆਂ ਦੀ ਪੇਸ਼ਕਸ਼ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਜਾਂਚ ਜਾਰੀ ਹੈ। ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕਿ ਇਮੀਗ੍ਰੇਸ਼ਨ ਐਕਟ, 1983 ਦੇ ਤਹਿਤ ਵੈਧ ਰਿਕਰੂਟਿੰਗ ਏਜੰਟ (ਆਰਏ) ਲਾਇਸੈਂਸ ਪ੍ਰਾਪਤ ਏਜੰਸੀਆਂ ਕੋਲ ਹੀ ਜਾਓ ਅਤੇ ਹਮੇਸ਼ਾ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਦੀ ਮੰਗ ਕਰੋ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਦੇ ਕੰਮ ਕਰਨ ਦੇ ਤਰੀਕਿਆਂ ਦੀ ਪੁਸ਼ਟੀ ਕਰੋ ਅਤੇ ਫਿਰ ਉਨ੍ਹਾਂ ‘ਤੇ ਭਰੋਸਾ ਕਰੋ।

ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਨਾਮ ਜਿਹਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ:

  •  (1) 7 ਹੌਰਸ ਇਮੀਗ੍ਰੇਸ਼ਨ, ਲੁਧਿਆਣਾ
  • (2) ਅਵਰੌਡ ਐਕਸਪਰਟ, ਲੁਧਿਆਣਾ
  • (3) ਅਵਰੌਡ ਕਿਵਾ, ਲੁਧਿਆਣਾ
  • (4) ਪਾਈਜ਼ ਇਮੀਗ੍ਰੇਸ਼ਨ, ਲੁਧਿਆਣਾ
  • (5) ਪਾਸ ਪ੍ਰੋ ਓਵਰਸੀਜ਼, ਲੁਧਿਆਣਾ
  • (6) ਹੌਰਸ ਇਮੀਗ੍ਰੇਸ਼ਨ ਕੰਸਲਟੈਂਸੀ, ਲੁਧਿਆਣਾ
  •  (7) ਆਰਾਧਿਆ ਇੰਟਰਪ੍ਰਾਈਜਿਜ਼, ਜਲੰਧਰ
  • (8) ਕਾਰਸਨ ਟਰੈਵਲ ਕੰਸਲਟੈਂਸੀ, ਜਲੰਧਰ
  • (9) ਟਰੂ ਡੀਲਜ਼ ਇਮੀਗ੍ਰੇਸ਼ਨ ਸਰਵਿਸਿਜ਼, ਜਲੰਧਰ
  • (10) ਆਈ ਵੇ ਓਵਰਸੀਜ਼, ਜਲੰਧਰ,
  • (11) ਵਿਦੇਸ਼ ਯਾਤਰਾ, ਜਲੰਧਰ
  •  (12) ਗਲਫ ਜੌਬਜ਼, ਕਪੂਰਥਲਾ
  • (13) ਰਹਾਵੇ ਇਮੀਗ੍ਰੇਸ਼ਨ, ਅੰਮ੍ਰਿਤਸਰ
  • (14) ਜੇ.ਐਸ. ਐਂਟਰਪ੍ਰਾਈਜ਼, ਅੰਮ੍ਰਿਤਸਰ
  • (15) ਪਾਵਰ ਟੂ ਫਲਾਈ, ਅੰਮ੍ਰਿਤਸਰ
  • (16) ਟਰੈਵਲ ਮੰਥਨ, ਅੰਮ੍ਰਿਤਸਰ
  • (17) ਅਮੇਜ਼-ਏ-ਸਰਵਿਸ, ਅੰਮ੍ਰਿਤਸਰ
  •  (18) ਆਰ.ਐਸ. ਇੰਟਰਪ੍ਰਾਈਜਿਜ਼, ਹੁਸ਼ਿਆਰਪੁਰ
  • (19) ਟਾਰਗੇਟ ਇਮੀਗ੍ਰੇਸ਼ਨ, ਹੁਸ਼ਿਆਰਪੁਰ
  • (20) ਪੀ.ਐਸ. ਇੰਟਰਪ੍ਰਾਈਜਿਜ਼, ਹੁਸ਼ਿਆਰਪੁਰ
  • (21) ਹਾਈਵਿੰਗਜ਼ ਓਵਰਸੀਜ਼ 7, ਐਸ.ਏ.ਐਸ.ਨਗਰ
  •  (22) ਪੀਐਨਐਸ ਵੀਜ਼ਾ ਸਰਵਿਸਿਸ, ਐਸਏਐਸ ਨਗਰ
  • (23) ਜੀਸੀਸੀ ਐਕਸਪਰਟ, ਪਟਿਆਲਾ
  • (24) ਗਲਫ ਟਰੈਵਲ ਏਜੰਸੀ, ਦਿੜ੍ਹਬਾ, ਸੰਗਰੂਰ
  • (25) ਬਿੰਦਰ ਬੀਬੀਐਸਜੀ ਇਮੀਗ੍ਰੇਸ਼ਨ, ਦਿੜ੍ਹਬਾ, ਸੰਗਰੂਰ