ਪੰਜਾਬ ਸ਼ਰਾਬ ਘੁਟਾਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ : ਸੁਖਬੀਰ ਸਿੰਘ ਬਾਦਲ 

  • ਪੰਜਾਬੀਆਂ ਨੂੰ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਭਗਵੰਤ ਮਾਨ ਜੋ ਆਪਣੀ ਕੁਰਸੀ ਬਚਾਉਣ ਵਾਸਤੇ ਕੇਂਦਰ ਨਾਲ ਸੌਦੇਬਾਜ਼ੀ ਕਰ ਰਿਹੈ, ਨੂੰ ਰੱਦ ਕਰਨ ਦੀ ਕੀਤੀ ਅਪੀਲ

ਪਟਿਆਲਾ, 10 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸ਼ਰਾਬ ਘੁਟਾਲੇ ਅਤੇ ਸੂਬੇ ਦੇ ਸਰੋਤ ਆਮ ਆਦਮੀ ਪਾਰਟੀ (ਆਪ) ਦੀ ਵੱਖ-ਵੱਖ ਰਾਜਾਂ ਵਿਚ ਚੋਣ ਮੁਹਿੰਮ ’ਤੇ ਖਰਚ ਕੀਤੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ। ਉਹਨਾਂ ਇਹ ਮੰਗ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਤਹਿਤ ਨਾਭਾ ਅਤੇ ਪਟਿਆਲਾ ਦਿਹਾਤੀ ਹਲਕਿਆਂ ਦਾ ਦੌਰਾ ਕੀਤਾ ਅਤੇ ਜਿਹਨਾਂ ਦੇ ਨਾਲ ਪਾਰਟੀ ਆਗੂ ਸ੍ਰੀ ਐਨ ਕੇ ਸ਼ਰਮਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਸਨ, ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਰੱਦ ਕਰਦਿਆਂ ਸਪਸ਼ਟ ਕੀਤਾ ਹੈ ਕਿ ਅਦਾਲਤ ਸਾਹਮਣੇ ਪੇਸ਼ ਸਬੂਤ ਤੋਂ ਸਪਸ਼ਟ ਹੈ ਕਿ ਕੇਜਰੀਵਾਲ ਨੇ 100 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਅਤੇ ਇਸ ਵਿਚੋਂ ਪੈਸਾ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ ਵਿਚ ਖਰਚਿਆ ਗਿਆ। ਉਹਨਾਂ ਕਿਹਾ ਕਿ ਗਵਾਹ ਬਣੇ ਲੋਕਾਂ ਦੇ ਨਾਲ-ਨਾਲ ਆਪ ਦੇ ਗੋਆ ਦੇ ਵਿਧਾਇਕ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਤੇ ਇਹ ਰਿਕਾਰਡ ਦਾ ਹਿੱਸਾ ਹੈ। ਸਰਦਾਰ ਬਾਦਲ, ਜਿਹਨਾਂ ਨੂੰ ਨਾਭਾ ਤੇ ਪਟਿਆਲਾ ਦਿਹਾਤੀ ਹਲਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ ਜਿਸ ਦੌਰਾਨ ਸਰਦਾਰ ਮੱਖਣ ਸਿੰਘ ਲਾਲਕਾ ਤੇ ਸਰਦਾਰ ਜਸਪਾਲ ਸਿੰਘ ਬਿੱਟੂ ਚੱਠਾ (ਹਲਕਾ ਇੰਚਾਰਜਾਂ) ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਅਤੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਸਨ, ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਸ਼ਰਾਬ ਘੁਟਾਲੇ ਵਿਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦੋਂ ਕਿ ਇਹ ਘੁਟਾਲਾ ਵੀ ਦਿੱਲੀ ਦੀ ਤਰਜ਼ ’ਤੇ ਹੋਇਆ ਹੈ ਅਤੇ ਪੰਜਾਬ ਆਬਕਾਰੀ ਨੀਤੀ ਦਾ ਲਾਭ ਵੀ ਉਹਨਾਂ ਹੀ ਲੋਕਾਂ ਨੂੰ ਮਿਲਿਆ ਹੈ ਜਿਹਨਾਂ ਨੂੰ ਦਿੱਲੀ ਵਿਚ ਲਾਭ ਮਿਲਿਆ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਦੀ ਖ਼ਾਤਰ ਦਿੱਲੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਕਿਉਂਕਿ ਇਸ ਕੇਸ ਵਿਚ ਕੋਈ ਕਾਰਵਾਈ ਨਾ ਹੋਣ ਦਾ ਦੂਜਾ ਕੋਈ ਕਾਰਣ ਨਹੀਂ ਦਿਸਦਾ। ਸਰਦਾਰ ਬਾਦਲ ਨੇ ਕਿਹਾ ਕਿ ਬਦਲੇ ਵਿਚ ਮੁੱਖ ਮੰਤਰੀ ਨੇ ਹਰਿਆਣਾ ਪੁਲਿਸ ਦੇ ਉਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਹਨਾਂ ਨੇ ਪੰਜਾਬੀ ਨੌਜਵਾਨ ਸ਼ੁਭਕਰਨ ਸਿੰਘ ਦਾ ਕਤਲ ਕੀਤਾ ਤੇ ਅਨੇਕਾਂ ਹੋਰਨਾਂ ਨੂੰ ਚਲ ਰਹੇ ਕਿਸਾਨੀ ਅੰਦੋਲਨ ਦੌਰਾਨ ਜ਼ਖ਼ਮੀ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕ ਦਿੱਲੀ ਆਧਾਰਿਤ ਪਾਰਟੀਆਂ ਦੇ ਨਾਲ ਨਾਲ ਉਹਨਾਂ ਸਭ ਨੂੰ ਰੱਦ ਕਰਨ ਜਿਹਨਾਂ ਨੇ ਪੰਜਾਬੀਆਂ ਦੇ ਹਿੱਤਾਂ ਦੇ ਉਲਟ ਕੇਂਦਰ ਨਾਲ ਗੁਪਤ ਸਮਝੌਤੇ ਕੀਤੇ ਹਨ। ਸਰਦਾਰ ਬਾਦਲ ਨੇ ਆਪ ਸਰਕਾਰ ਵੱਲੋਂ ਨਮੋਸ਼ੀ ਵਿਚ ਕਾਰਵਾਈਆਂ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾਕਿ ਅਕਾਲੀ ਦਲ ਦੇ ਪੱਖ ਵਿਚ ਬੱਚੇ ਵੱਲੋਂ ਨਾਅਰੇ ਲਗਾਉਣ ਦੇ ਮਾਮਲੇ ਵਿਚ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਮਾਜ ਦਾ ਹਰ ਵਰਗ ਭਾਵੇਂ ਉਹ ਬੱਚੇ ਹੋਣ, ਉਹਨਾਂ ਦੇ ਮਾਪੇ ਹੋਣ ਜਾਂ ਫਿਰ ਬਜ਼ੁਰਗ ਹੋਣ ਸਾਰਿਆਂ ਦਾ ਹੀ ਆਪ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਹਨਾਂ ਕਿਹਾ ਕਿ ਜੋ ਵੀ ਬੱਚੇ ਨੇ ਕਿਹਾ ਕਿ ਉਹ ਉਸਦੇ ਦਿਲ ਦੀ ਆਵਾਜ਼ ਸੀ ਕਿਉਂਕਿ ਲੋਕ ਆਪ ਸਰਕਾਰ ਦੇ ਰਾਜ ਤੋਂ ਅੱਕ ਗਏ ਹਨ ਤੇ ਉਹ ਭ੍ਰਿਸ਼ਟਾਚਾਰੀ ਤੇ ਪੰਜਾਬੀ ਵਿਰੋਧੀ ਪਾਰਟੀ ਨੂੰ ਬਾਹਰ ਦਾ ਰਾਹ ਵਿਖਾਉਣਾ ਚਾਹੁੰਦੇ ਹਨ।