ਪੰਜਾਬ ਸਰਕਾਰ ਫਰਵਰੀ ਮਹੀਨੇ ਵਿੱਚ ਸੂਬੇ ਦੇ 30 ਲੱਖ ਪਰਿਵਾਰਾਂ ਨੂੰ ਕਣਕ ਅਤੇ ਆਟੇ ਨੂੰ ਘਰ ਘਰ ਵਿੱਚ ਪਹੁੰਚਾਉਣਾ ਕਰੇਗੀ ਸ਼ੁਰੂ 

ਚੰਡੀਗੜ੍ਹ, 29 ਜਨਵਰੀ : ਪੰਜਾਬ ਸਰਕਾਰ ਵੱਲੋਂ ਫਰਵਰੀ ਮਹੀਨੇ ਵਿੱਚ ਸੂਬੇ ਦੇ 30 ਲੱਖ ਪਰਿਵਾਰਾਂ ਨੂੰ ਕਣਕ ਅਤੇ ਆਟੇ ਨੂੰ ਘਰ ਘਰ ਵਿੱਚ ਪਹੁੰਚਾਉਣਾ ਸ਼ੁਰੂ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਸ ਸਕੀਮ ਲਈ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਇਸ ਸਕੀਮ ਨੂੰ ਫਰਵਰੀ ਦੇ ਪਹਿਲੇ ਜਾਂ ਦੂਸਰੇ ਹਫਤੇ ਸ਼ੁਰੂ ਕੀਤਾ ਜਾ ਸਕਦਾ ਹੈ। ਰਾਸ਼ਨ ਕਾਰਡਾਂ ਨਾਲ ਸਬੰਧਤ ਸਾਰੇ ਰਿਕਾਰਡ ਇਕੱਠੇ ਕੀਤੇ ਜਾ ਰਹੇ ਹਨ। ਪਿਛਲੀ ਕੈਬਨਿਟ ਮੀਟਿੰਗ ਵਿਚ ਲਗਭਗ 10 ਲੱਖ ਰਾਸ਼ਨ ਕਾਰਡ ਬਹਾਲ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਇਹ ਸਕੀਮ ਛੇਤੀ ਹੀ ਲੋਕਾਂ ਲਈ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਖਰਾਬ ਮੌਸਮ ਕਾਰਨ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿਤਾ ਸੀ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਇਸ ਯੋਜਨਾ ਨੂੰ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਸਰਕਾਰ ਰੈਲੀ ਦੀ ਮਦਦ ਨਾਲ ਇਸ ਯੋਜਨਾ ਨੂੰ ਸ਼ੁਰੂ ਕਰਨ ਦੀ ਰਣਨੀਤੀ ਬਣਾ ਰਹੀ ਹੈ। ਇਹ ਰੈਲੀ ਜਲੰਧਰ, ਪਟਿਆਲਾ, ਫਤਿਹਗੜ੍ਹ ਸਾਹਿਬ, ਫਰੀਦਕੋਟ ਜਾਂ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਆਯੋਜਤ ਕੀਤੀ ਜਾ ਸਕਦੀ ਹੈ। ਇਸ ਯੋਜਨਾ ਨੂੰ ਚਲਾਉਣ ਲਈ ਸਰਕਾਰ ਵਲੋਂ 670 ਕਰੋੜ ਰੁਪਏ ਰੱਖੇ ਗਏ ਹਨ। ਇਸ ਯੋਜਨਾ ਵਿਚ ਪ੍ਰਤੀ ਵਿਅਕਤੀ 5 ਕਿਲੋ ਆਟਾ ਜਾਂ ਕਣਕ ਦੇਣ ਦੀ ਯੋਜਨਾ ਹੈ। ਇਸ ਲਈ ਹਰ ਮਹੀਨੇ 72,500 ਟਨ ਕਣਕ ਦੀ ਲੋੜ ਹੈ। ਇਹ ਯੋਜਨਾ ਪੜਾਵਾਂ ਵਿਚ ਲਾਗੂ ਕੀਤੀ ਜਾਵੇਗੀ।