ਚੰਡੀਗੜ੍ਹ, 26 ਅਪ੍ਰੈਲ : ਪੰਜਾਬ ਸਰਕਾਰ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਮੰਗਲਵਾਰ ਸ਼ਾਮ ਐਸ.ਏ.ਐਸ ਨਗਰ (ਮੋਹਾਲੀ) ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ, ਦੇ ਸਤਿਕਾਰ ਵਿੱਚ ਵੀਰਵਾਰ (27 ਅਪ੍ਰੈਲ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 26 ਅਤੇ 27 ਅਪ੍ਰੈਲ ਨੂੰ ਦੋ ਦਿਨਾਂ ਦੇ ਰਾਜਸੀ ਸ਼ੋਕ ਦਾ ਐਲਾਨ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਦੇ ਸਤਿਕਾਰ ਵਜੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰੇ 27 ਅਪ੍ਰੈਲ ਨੂੰ ਬੰਦ ਰਹਿਣਗੇ। ਰਾਜਸੀ ਸ਼ੋਕ ਦੇ ਇਨ੍ਹਾਂ ਦੋ ਦਿਨਾਂ ਦੌਰਾਨ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਇਸ ਦੌਰਾਨ ਸੂਬਾ ਸਰਕਾਰ ਦੇ ਕਿਸੇ ਵੀ ਦਫ਼ਤਰ ਜਾਂ ਵਿਭਾਗ ਵੱਲੋਂ ਕੋਈ ਮਨੋਰੰਜਕ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।