ਸੂਬੇ ਦੇ 4100 ਪੰਪਾਂ ਵਿੱਚੋਂ 30 ਫੀਸਦੀ ਪੈਟਰੋਲ ਪੰਪਾਂ ‘ਤੇ ਮੁੱਕਿਆ ਤੇਲ, ਕਈ ਪੈਟਰੋਲ ਪੰਪਾਂ ‘ਤੇ ਇੱਕ ਦਿਨ ਦਾ ਬਚਿਆ ਤੇਲ

ਚੰਡੀਗੜ੍ਹ, 02 ਜਨਵਰੀ : ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30 ਫੀਸਦੀ ਬੀਤੀ ਰਾਤ ਹੀ ਖਾਲੀ ਸਨ। ਕਈ ਪੈਟਰੋਲ ਪੰਪਾਂ ‘ਤੇ ਸਿਰਫ਼ ਇੱਕ ਦਿਨ ਦਾ ਤੇਲ ਬਚਿਆ ਹੈ, ਜੋ ਅੱਜ ਸ਼ਾਮ ਤੱਕ ਵਿਕ ਜਾਵੇਗਾ। ਇਹ ਜਾਣਕਾਰੀ ਕਪੂਰਥਲਾ ਦੇ ਦੋਆਬਾ ਪੈਟਰੋਲ ਪੰਪ ਦੇ ਮਾਲਕ ਅਤੇ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇ ਹੜਤਾਲ ਖਤਮ ਨਾ ਹੋਈ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਨਾਲ ਹੀ ਜਲੰਧਰ ਦੇ 90 ਫੀਸਦੀ ਤੋਂ ਵੱਧ ਪੈਟਰੋਲ ਪੰਪਾਂ ਦਾ ਤੇਲ ਖਤਮ ਹੋ ਚੁੱਕਾ ਹੈ। ਜਿਨ੍ਹਾਂ ਪੰਪਾਂ ‘ਤੇ ਤੇਲ ਬਚਿਆ ਹੈ, ਉੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਪੈਟਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਉਪ ਪ੍ਰਧਾਨ ਵਿਕਾਸ ਬਾਂਸਲ ਉਰਫ ਬੰਟੀ ਅਨੁਸਾਰ ਬਰਨਾਲਾ ਵਿੱਚ 60 ਪੈਟਰੋਲ ਪੰਪ ਹਨ। ਸੋਮਵਾਰ ਰਾਤ ਨੂੰ ਹੀ ਜ਼ਿਆਦਾਤਰ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ 340 ਪੈਟਰੋਲ ਪੰਪ ਡ੍ਰਾਈ ਹੋ ਗਏ ਹਨ। ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਲੋਕ ਵਾਹਨਾਂ ਦੀਆਂ ਟੈਂਕੀਆਂ ਭਰਨ ਵਿੱਚ ਲੱਗੇ ਹੋਏ ਹਨ। ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਦੇ ਵਿਰੋਧ ‘ਚ ਮਹਾਨਗਰ ਦੇ 5 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਹੜਤਾਲ ‘ਤੇ ਹਨ। ਦੂਜੇ ਪਾਸੇ ਬੱਸ ਡਰਾਈਵਰਾਂ ਨੇ ਵੀ ਭਲਕੇ 2 ਘੰਟੇ ਲਈ ਹੜਤਾਲ ’ਤੇ ਰਹਿਣ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੇ 95 ਫੀਸਦੀ ਪੈਟਰੋਲ ਪੰਪਾਂ ‘ਤੇ ਤੇਲ ਮੁੱਕ ਗਿਆ ਹੈ। ਇਸ ਸੂਚਨਾ ਤੋਂ ਬਾਅਦ ਸਵੇਰੇ ਦਫ਼ਤਰਾਂ ਨੂੰ ਜਾਣ ਵਾਲੇ ਲੋਕਾਂ ਦੀ ਲੰਬੀ ਲਾਈਨ ਲੱਗ ਗਈ। ਲੋਕ ਪੈਟਰੋਲ ਨੂੰ ਬੋਤਲਾਂ ਵਿੱਚ ਭਰ ਕੇ ਲਿਜਾ ਰਹੇ ਹਨ। ਕਈ ਪੈਟਰੋਲ ਪੰਪਾਂ ‘ਤੇ ਰੱਸੀ ਬੰਨ੍ਹ ਕੇ ਸਟਾਕ ਖਾਲੀ ਹੋਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਥੇ ਹੀ ਮੋਗਾ, ਅਬੋਹਰ, ਮਾਨਸਾ ਦੇ ਪੈਟਰੋਲ ਪੰਪਾਂ ‘ਤੇ ਭੀੜ ਉਮੜ ਆਈ ਹੈ।

 ਟਰੱਕ ਯੂਨੀਅਨ ਹੜਤਾਲ ਤੇ ਹੋਣ ਕਾਰਨ ਅਸਰ ਦਿਖਾ ਸ਼ੁਰੂ, ਸੂਬੇ ਵਿਚ ਪੈਟਰੋਲ ਤੇ ਡੀਜ਼ਲ ਦੀ ਕਿੱਲਤ

ਟਰੱਕ ਯੂਨੀਅਨ 30 ਦਸੰਬਰ ਤੋਂ ਹੜਤਾਲ ਹੈ, ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਹੜਤਾਲ ਕਾਰਨ ਸੂਬੇ ਵਿਚ ਪੈਟਰੋਲ ਤੇ ਡੀਜ਼ਲ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਇਸੇ ਕਾਰਨ ਪੰਜਾਬ ਵਿਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਟਰੱਕ ਯੂਨੀਅਨ ਵੱਲੋਂ ਇਹ ਹੜਤਾਲ ਕੇਂਦਰ ਦੇ ‘ਹਿਟ ਐਂਡ ਰਨ’ ਕਾਨੂੰਨ ਦੇ ਵਿਰੋਧ ਵਿਚ ਕੀਤੀ ਗਈ ਹੈ ਜਿਸ ਤਹਿਤ ਟਰੱਕ ਡਰਾਈਵਰਾਂ ਨੂੰ ਹਾਦਸਾ ਹੋਣ ‘ਤੇ 10 ਸਾਲ ਦੀ ਕੈਦ ਤੇ ਜੁਰਮਾਨਾ ਰੱਖਿਆ ਗਿਆ ਹੈ। ਜਿਸ ਕਾਰਨ ਟਰੱਕ ਡਰਾਈਵਰਾਂ ਵੱਲੋਂ ਇਸ ਕਾਨੂੰਨ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਚੇਤਾਵਨੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਜਾਰੀ ਰਹੇਗੀ। ਡਰਾਈਵਰਾਂ ਵੱਲੋਂ ਇਹ ਹੜਤਾਲ ਸਿਰਫ਼ 3 ਦਿਨਾਂ ਲਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਸਕੱਤਰ ਨੇ ਟਰਾਂਸਪੋਰਟਰਾਂ ਦੀ ਮੀਟਿੰਗ ਸੱਦੀ ਹੈ। ਇਹ ਬੈਠਕ ਅੱਜ ਸ਼ਾਮ 7 ਵਜੇ ਰੱਖੀ ਗਈ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਮੀਟਿੰਗ ਵਿਚ ਟਰੱਕ ਯੂਨੀਅਨਾਂ ਤੇ ਸਰਕਾਰ ਵਿਚਾਲੇ ਸਮਝੌਤਾ ਹੋ ਜਾਵੇ ਤੇ ਉਨ੍ਹਾਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਜਾਵੇ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਪਵੇਗਾ ਤੇ ਇਸ ਦੇ ਨਾਲ ਹੀ ਸੂਬੇ ਅੰਦਰ ਫਲ ਤੇ ਸਬਜ਼ੀਆਂ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।