ਜਲਦੀ ਹੀ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ : ਮੁੱਖ ਮੰਤਰੀ ਮਾਨ

  • ਮੁੱਖ ਮੰਤਰੀ ਮਾਨ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ 
  • ਪੰਜਾਬ ਨੂੰ ਅੱਤਵਾਦੀ ਵੱਖਵਾਦੀ ਕਹਿਣਾ ਬਿਲਕੁਲ ਗਲਤ ਹੈ : ਮੁੱਖ ਮੰਤਰੀ 
  • ਲੋਕ ਸਭਾ ਚੋਣਾਂ ਵਿਚ ਸਾਡਾ ਵੋਟ ਸ਼ੇਅਰ ਵਧਿਆ ਹੈ : ਮਾਨ
  • ਸਾਡੀ ਸਰਕਾਰ ਮਹਾਨ ਸਿੱਖ ਗੁਰੂਆਂ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਸੂਬੇ ਦੀ ਸੇਵਾ ਕਰ ਰਹੀ ਹੈ : ਮੁੱਖ ਮੰਤਰੀ

ਮੁਹਾਲੀ, 10 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਜ਼ੁਲਮ, ਅਨਿਆਂ ਅਤੇ ਜ਼ੁਲਮ ਦਾ ਡਟ ਕੇ ਵਿਰੋਧ ਕਰਨ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਅਤੇ ਸਿਆਣਪ ਦਾ ਖ਼ਜ਼ਾਨਾ ਹੈ, ਜੋ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਭਗਵੰਤ ਸਿੰਘ ਮਾਨ ਨੇ ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਜ਼ਮੀਨ ਨੂੰ ਮਾਤਾ ਦੇ ਬਰਾਬਰ ਦਰਜਾ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਚੋਣਾਂ ਕਰਵਾਉਣ ਨੂੰ ਲੈ ਕੇ ਵਾਰਡਬੰਦੀ ਕੀਤੀ ਜਾ ਰਹੀ ਹੈ। ਜਦੋਂ ਵੀ ਚੋਣ ਕਮਿਸ਼ਨ ਆਰਡਰ ਜਾਰੀ ਕਰੇਗਾ, ਉਦੋਂ ਹੀ ਸੂਬੇ ਦੀਆਂ ਨਗਰ ਨਿਗਮਾਂ, ਕੌਂਸਲਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ, ਪਹਿਲਾਂ ਨੈਸ਼ਨਲ ਚੋਣਾਂ ਆ ਗਈਆਂ ਸਨ, ਇਸ ਕਰਕੇ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਕਰਾਉਣ ਵਿਚ ਦੇਰੀ ਹੋ ਗਈ। ਮਾਨ ਨੇ ਕਿਹਾ ਕਿ, ਜਲਦੀ ਹੀ ਨਗਰ ਨਿਗਮ, ਕੌਂਸਲ ਤੇ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ, ਕੁਲਵਿੰਦਰ ਕੌਰ ਦੇ ਮਨ ਵਿੱਚ ਕੰਗਨਾ ਦੇ ਪੁਰਾਣੇ ਬਿਆਨਾਂ ਕਾਰਨ ਗੁੱਸਾ ਸੀ। ਮਾਨ ਨੇ ਕੰਗਨਾ ਨੂੰ ਵੀ ਕਿਹਾ ਕਿ, ਉਸਨੂੰ ਪੰਜਾਬ ਬਾਰੇ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਕਿਹਾ ਕਿ, ਪੰਜਾਬ ਨੂੰ ਅੱਤਵਾਦੀ ਵੱਖਵਾਦੀ ਕਹਿਣਾ ਬਿਲਕੁਲ ਗਲਤ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੂਰੇ ਮੁਲਕ ਦਾ ਢਿੱਡ ਭਰਦਾ ਹੈ। ਚੋਣ ਨਤੀਜਿਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਸਾਡਾ ਵੋਟ ਸ਼ੇਅਰ ਵਧਿਆ ਹੈ। ਇਸ ਵਾਰ ਸਾਡੇ ਤਿੰਨ ਐਮ.ਪੀ ਪੰਜਾਬ ਤੋਂ ਬਣੇ ਹਨ। ਸੰਗਰੂਰ ਸੀਟ ਸਾਡੇ ਕੋਲ ਵਾਪਸ ਆਈ ਹੈ। ਮਾਨ ਨੇ ਕਿਹਾ ਕਿ, ਭਾਜਪਾ ਦਾ ਗੜ੍ਹ ਹੁਸਿਆਰਪੁਰ ਤੋਂ ਸੀਟ ਵੀ ਆਪ ਦੇ ਹਿੱਸੇ ਆਈ।