ਪੰਚਾਇਤੀ ਚੋਣਾਂ 'ਚ ਗੜਬੜੀਆਂ ਦਾ ਹਵਾਲਾ ਦੇ 100 ਤੋਂ ਵੱਧ ਨਵੀਆਂ ਪਟੀਸ਼ਨਾਂ ਹੋਈਆਂ ਦਾਇਰ

ਚੰਡੀਗੜ੍ਹ, 10 ਅਕਤੂਬਰ 2024 : ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਹੈ। ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 250 ਦੇ ਕਰੀਬ ਪੰਚਾਇਤੀ ਚੋਣਾਂ ਦੇ ਖਿਲਾਫ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਹਾਈਕੋਰਟ ਨੇ ਕੁਝ ਪੰਚਾਇਤਾਂ ਦੀ ਚੋਣ 'ਤੇ ਰੋਕ ਲਗਾ ਦਿੱਤੀ ਹੈ। ਹੁਣ 100 ਤੋਂ ਵੱਧ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਇਰ ਕੀਤੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਗੜਬੜੀਆਂ ਦਾ ਹਵਾਲਾ ਦੇ ਕੇ ਪੰਚਾਇਤੀ ਚੋਣਾਂ ਦੇ ਖਿਲਾਫ 100 ਦੇ ਕਰੀਬ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਨੂੰ ਕੱਲ੍ਹ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।  ਦੱਸ ਦਈਏ ਕਿ ਬੀਤੇ ਦਿਨ ਹਾਈਕੋਰਟ ਨੇ ਜਿਨ੍ਹਾਂ 250 ਪਟੀਸ਼ਨਾਂ ’ਤੇ ਸੁਣਵਾਈ ਕੀਤੀ ਸੀ ਅਤੇ ਉਨ੍ਹਾਂ ਪੰਚਾਇਤੀ ਚੋਣਾਂ ’ਤੇ ਰੋਕ ਲਗਾ ਦਿੱਤਾ ਗਈ ਸੀ। ਇਸ ਸਬੰਧੀ ਫਿਲਹਾਲ ਵਿਸਥਾਰਤ ਹੁਕਮ ਅਜੇ ਨਹੀਂ ਆਏ ਹਨ। ਇਸ ਲਈ ਸੁਣਵਾਈ ਨੂੰ ਕੱਲ੍ਹ ਤੱਕ ਦੇ ਲਈ ਮੁਲਤਵੀ ਕੀਤੀ ਗਈ ਹੈ। ਡਿਟੇਲ ਆਰਡਰ ਆਉਣ ਤੋਂ ਬਾਅਦ ਹੀ ਜੋ ਅੱਜ ਪਟੀਸ਼ਨਾਂ ਦਾਖਿਲ ਹੋਈਆਂ ਹਨ ਉਨ੍ਹਾਂ ’ਤੇ ਹੁਕਮ ਜਾਰੀ ਕੀਤੇ ਜਾਣਗੇ। ਫਿਲਹਾਲ ਸਾਰਿਆਂ ਨੂੰ ਬੀਤੇ ਦਿਨ ਜਸਟਿਸ ਸੰਦੀਪ ਮੌਦਗਿਲ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਜੋ ਹੁਕਮ ਦਿੱਤੇ ਹਨ ਉਨ੍ਹਾਂ ਦਾ ਇੰਤਜਾਰ ਹੈ।