ਸਾਹਿਬਜ਼ਾਦਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਪਰਿਵਾਰ ਦੀ ਆਖਰੀ ਬੇਗ਼ਮ ਮੁਨੱਬਰ ਉਨ ਨਿਸਾ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ

  • ਖ਼ਤਮ ਹੋਇਆ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਵੰਸ਼
  • ਮਲੇਰਕੋਟਲਾ ਰਿਆਸਤ ਦੀ ਆਖ਼ਰੀ ਬੇਗ਼ਮ ਦਾ ਹੋਇਆ ਦੇਹਾਂਤ
  • ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਕੀਤੇ ਬੇਗਮ ਸਾਹਿਬਾਂ ਦੇ ਅੰਤਿਮ ਦਰਸ਼ਨ
  • ਪੰਜਾਬ ਪੁਲਿਸ ਵੱਲੋਂ ਬੇਗਮ ਸਾਹਿਬਾ ਨੂੰ ਦਿੱਤੀ ਗਈ ਸਲਾਮੀ

ਮਲੇਰਕੋਟਲਾ 27 ਅਕਤੂਬਰ : ਛੋਟੇ ਸਾਹਿਬਜ਼ਾਦਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਹਨਾਂ ਦਾ ਅੱਜ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕਈ ਦਿਨ ਤੋਂ ਤਬੀਅਤ ਖਰਾਬ ਹੋਣ ਦੇ ਚਲਦਿਆਂ ਅੱਜ ਹਜ਼ਰਤ ਹਲੀਮਾ ਹਸਪਤਾਲ  ਆਖਰੀ ਸਾਹ ਲਏ। ਦੱਸਣਾ ਬਣਦਾ ਹੈ ਕਿ ਬੇਗਮ ਮੁਨੱਬਰ ਨਿਸ਼ਾ ਦੀ ਉਮਰ 100 ਸਾਲ ਤੋਂ ਉੱਪਰ ਸੀ ਤੇ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸੰਬੰਧਿਤ ਸਨ ਅਤੇ ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿਖੇ ਆਏ ਸਨ। ਉਹਨਾਂ ਦੇ ਇੰਤਕਾਲ ਤੋਂ ਬਾਅਦ ਮਲੇਰਕੋਟਲਾ ਦਾ ਨਵਾਬੀ ਖਾਨਦਾਨ ਖਤਮ ਹੋ ਗਿਆ । ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਜਨਾਬ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਪੀੜਤ ਸਨ ਜਿਨਾਂ ਨੂੰ ਇਸ ਬਿਮਾਰੀ ਦੇ ਚਲਦਿਆਂ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਤੜਕੇ 4 ਵਜੇ ਉਹਨਾਂ ਆਖਰੀ ਸਾਹ ਲਏ। ਉਹਨਾਂ ਨੂੰ ਸਪੁਰਦੇ ਖਾਕ ਅੱਜ ਜੁਮਾਰਤੁਲਾ ਮੁਬਾਰਕ ਦੀ ਨਮਾਜ਼ ਤੋਂ ਬਾਅਦ 3 ਵਜੇ ਕੀਤਾ ਜਾਵੇਗਾ। ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਵੱਲੋਂ ਕੀਤੀ ਛੋਟੇ ਸਾਹਿਬਜ਼ਾਦਿਆਂ ਤੇ ਕੀਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਜਿਸ ਕਰਕੇ ਇਹ ਨਵਾਬ ਦੀ ਵੰਸ਼ ਅਤੇ ਮਲੇਰਕੋਟਲੇ ਦੇ ਮੁਸਲਿਮ ਲੋਕ ਹਮੇਸ਼ਾ ਸਿੱਖਾਂ ਲਈ ਸਤਿਕਾਰ ਦਾ ਪਾਤਰ ਬਣੇ ਰਹੇ। 

ਬੇਗਮ ਮੁਨੱਬਰ ਉਨ ਨਿਸਾ ਜਨਾਜ਼ੇ ਦੀ ਨਮਾਜ਼ ਤੋਂ ਬਾਅਦ ਸ਼ਾਹੀ ਮਕਬਰਿਆਂ ਵਿਖੇ ਕੀਤਾ ਸਪੁਰਦੇ ਖਾਕ 
ਬੇਗਮ ਮੁਨੱਬਰ ਉਨ ਨਿਸਾ ਅੱਜ ਸਵੇਰੇ ਤੜਕੇ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਜਿਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਲੋਕਾਂ ਵਿੱਚ ਬੇਹਦ ਗਮ ਅਤੇ ਅਫਸੋਸ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਬਾਅਦ ਦੁਪਹਿਰ ਉਹਨਾਂ ਨੂੰ ਜੁਮਾਤੁਲ ਮੁਬਾਰਕ ਦੀ ਵਿਸ਼ੇਸ਼ ਨਮਾਜ਼ ਤੋਂ ਬਾਅਦ ਹੋਈ ਜਨਾਜ਼ੇ ਦੀ ਨਮਾਜ਼ ਤੋਂ ਬਾਅਦ ਸ਼ਾਹੀ ਮਕਬਰਿਆਂ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਬੇਗਮ ਸਾਹਿਬਾ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੇ ਆਖਰੀ ਮੈਂਬਰ 103 ਸਾਲਾਂ ਬੇਗਮ ਮੁਨੱਵਰ-ਉਨ-ਨਿਸ਼ਾ ਸੁਪਤਨੀ ਨਵਾਬ-ਇਫਤਿਖਾਰ-ਅਲੀ-ਖਾਨ ਦੀ ਮੌਤ 'ਤੇ ਅਫ਼ਸੋਸ ਜਾਹਿਰ ਕੀਤਾ। ਦੋਵੇਂ ਵਿਧਾਇਕਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ਣ। ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਏ.ਡੀ.ਜੀ.ਪੀ.(ਆਈ.ਟੀ.ਬੀ.ਪੀ) ਹਰਪ੍ਰੀਤ ਸਿੰਘ ਸਿੱਧੂ ਨੇ ਅਤੇ ਡਿਪਟੀ ਕਮਿਸ਼ਨਰ ਡਾ.ਪੱਲਵੀ ਨੇ ਵੀ ਇਸ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਧਾਇਕਾਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਾਕੀਬ ਅਲੀ ਰਾਜਾ, ਏ.ਡੀ.ਜੀ.ਪੀ.(ਆਈ.ਟੀ.ਬੀ.ਪੀ), ਐਸ.ਡੀ.ਐਮ. ਸ੍ਰੀ ਹਰਬੰਸ ਸਿੰਘ ਅਤੇ ਡੀ.ਐਸ.ਪੀ. ਕੁਲਦੀਪ ਸਿੰਘ ਨੇ ਰੀਥਾਂ ਰੱਖਕੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।

ਬੇਗ਼ਮ ਮੁਨੱਵਰ ਉਲ ਨਿਸਾ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ-ਏ-ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਪਰਿਵਾਰ ਦੀ ਆਖਰੀ ਬੇਗ਼ਮ ਮੁਨੱਵਰ ਉਲ ਨਿਸਾ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਨਵਾਬ ਮਲੇਰਕੋਟਲਾ ਦਾ ਨਾਂ ਸਤਿਕਾਰ ਵਜੋਂ ਦਰਜ ਹੈ ਅਤੇ ਕੌਮ ਇਨ੍ਹਾਂ ਦੇ ਵੰਸ਼ਜਾਂ ਦਾ ਵੀ ਹਮੇਸ਼ਾ ਆਦਰ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵੰਸ਼ ਦੀ ਆਖਰੀ ਬੇਗ਼ਮ ਮੁਨੱਵਰ ਉਲ ਨਿਸਾ ਦੇ ਚਲਾਣੇ ਨਾਲ ਦਿਲੀ ਦੁੱਖ ਹੋਇਆ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਨਵਾਬ ਮਲੇਰਕੋਟਲਾ ਵੱਲੋਂ ਹੱਕ-ਸੱਚ ਲਈ ਉਠਾਈ ਅਵਾਜ਼ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਗ਼ਮ ਮੁਨੱਵਰ ਉਲ ਨਿਸਾ ਨੂੰ ਅਪ੍ਰੈਲ 2023 ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਵੀ ਕੀਤਾ ਗਿਆ ਸੀ।

ਸੰਧਵਾਂ ਵੱਲੋਂ ਬੇਗਮ ਮੁਨਵਰ ਉਲ ਨਿਸ਼ਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬੇਗਮ ਮੁਨਵਰ ਉਲ ਨਿਸ਼ਾ ਜੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਸਪੀਕਰ ਨੇ ਕਿਹਾ ਕਿ ਬੇਗਮ ਮੁਨਵਰ ਉਲ ਨਿਸ਼ਾ ਜੀ, ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਸਨ। ਉਨ੍ਹਾਂ ਨੇ ਬੇਗਮ ਨਿਸ਼ਾ ਜੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਾਡੇ ਲਈ ਹਮੇਸ਼ਾ ਸਤਿਕਾਰ ਦੇ ਪਾਤਰ ਰਹਿਣਗੇ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ। 

ਬੇਗਮ ਮੁਨਵਰ ਨਿਸਾ ਜੀ ਦੇ ਦਿਹਾਂਤ ਦੀ ਖਬਰ ਬਹੁਤ ਦੁਖਦਾਈ ਹੈ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਗਮ ਮੁਨਵਰ ਨਿਸਾ ਜੀ ਦੇ ਦਿਹਾਂਤ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਸ਼ਲਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਉਣ ’ਤੇ ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨਵਰ ਨਿਸਾ ਜੀ ਦੇ ਦਿਹਾਂਤ ਦੀ ਖਬਰ ਬਹੁਤ ਦੁਖਦਾਈ ਹੈ। ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ।