ਇੰਟਰਨੈੱਟ ਦਾ ਮੁੱਦਾ ਪਹੁੰਚਿਆ ਹਾਈਕੋਰਟ, ਐਡਵੋਕੇਟ ਭੱਟੀ ਨੇ ਜਨਹਿਤ ਪਟੀਸ਼ਨ ਕੀਤੀ ਦਾਇਰ

ਚੰਡੀਗੜ੍ਹ, 20 ਮਾਰਚ : ਪੰਜਾਬ ਵਿਚ ਤੀਜੇ ਦਿਨ ਵੀ ਇੰਟਰਨੈੱਟ ਸੇਵਾਵਾਂ ਬੰਦ ਹਨ। ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਗਿਆ ਹੈ। ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇਸ ਨੂੰ ਲੈ ਕੇ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ। ਇੰਡੀਅਨ ਟੈਲੀਗ੍ਰਾਫ ਐਕਟ ਦੀ ਧਾਰਾ 5 ਅਤੇ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ ਰੂਲਸ 2017 ਤਹਿਤ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ। ਦੱਸ ਦੇਈਏ ਕਿ ਪੰਜਾਬ ਵਿਚ ਲਗਭਗ 48 ਘੰਟੇ ਤੋਂ ਇੰਟਰਨੈੱਟ ਬੰਦ ਹੈ ਤੇ ਅਗਲੇ 24 ਘੰਟੇ ਹੋਰ ਬੰਦ ਹੋਣ ਵਾਲੀਆਂ ਹਨ। ਇੰਟਰਨੈੱਟ ਬੰਦ ਹੋਣ ਖਿਲਾਫ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ। ਮੋਬਾਈਲ ਇੰਟਰਨੈੱਟ ਤੋਂ ਇਲਾਵਾ ਡੌਂਗਲ ਤੇ ਐੱਸਐੱਮਐੱਸ ਸਰਵਿਸ ਵੀ ਪਿਛਲੇ 2 ਦਿਨਾਂ ਤੋਂ ਬੰਦ ਹਨ। ਬਸ ਵਾਈਫਾਈ ਕਨੈਕਸ਼ਨ ਚੱਲ ਰਿਹਾ ਹੈ। ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣੇ ਕਰਨਾ ਪੈਂਦਾ ਹੈ। ਪਟੀਸ਼ਨ ਉਤੇ ਜਲਦ ਸੁਣਵਾਈ ਦੀ ਸੰਭਾਵਨਾ ਹੈ। ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਦੇ ਵਪਾਰ, ਬਿੱਲ ਪੇਮੈਂਟ ਸਣੇ ਟੈਕਸੀ ਪੇਮੈਂਟ ਆਦਿ ਕਈ ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਬੰਦ ਹਨ। ਜਿਸ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪਟੀਸ਼ਨ ਵਿਚ ਇੰਟਰਨੈੱਟ ਸੇਵਾਵਾਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।