ਰਾਮਗੜ੍ਹੀਆ ਹਾਲ ਦਾ ਹਰਭਜਨ ਭੱਜੀ ਵਲੋਂ ਉਦਘਾਟਨ

ਚੰਡੀਗੜ੍ਹ : ਰਾਮਗੜ੍ਹੀਆ ਭਵਨ ਸੈਕਟਰ 27 ਵਿਚ ਨਵੇਂ ਬਣੇ ਹਾਲ ਦਾ ਉਦਘਾਟਨ ਕਰਦਿਆਂ ਸੀਨੀਅਰ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਕਿਹਾ ਰਾਮਗੜ੍ਹੀਆ ਬਰਾਦਰੀ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਉਹ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਰਾਦਰੀ ਨਾਲ ਸੰਬੰਧਤ ਹੋਣ ਕਾਰਨ ਹਰ ਸਮੇਂ ਬਰਾਦਰੀ ਦੇ ਨਾਲ ਖੜਾ ਹੈ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮਹਾਨ ਜਰਨੈਲ ਸਨ। ਰਾਮਗੜ੍ਹੀਆ ਸਭਾ, ਚੰਡੀਗੜ੍ਹ ਦੇ ਪ੍ਰਧਾਨ ਡਾ. ਹਰਚਰਨ ਸਿੰਘ ਰਣੌਤਾ ਤੇ ਜਨਰਲ ਸਕੱਤਰ ਹਰਦੇਵ ਸਿੰਘ ਰਣੌਤਾ ਨੇ ਕਿਹਾ ਕਿ ਇਹ ਸਮਾਗਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। ਰਾਮਗੜ੍ਹੀਆ ਸਭਾ ਛੇਤੀ ਹੀ ਵੱਡੀ ਪੱਧਰ 'ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ਵਿੱਚ ਸਮਾਗਮ ਕਰਵਾਏਗੀ। ਇਸ ਮੌਕੇ ਜਨਮ ਸ਼ਤਾਬਦੀ ਸਮਾਰੋਹ ਨਾਲ ਸੰਬੰਧਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਸਮਾਗਮ ਵਿੱਚ ਦਰਸ਼ਨ ਸਿੰਘ ਕਲਸੀ, ਮਾਤਾ ਰਾਮ ਧੀਮਾਨ, ਅਮਰਜੀਤ ਸਿੰਘ ਖੁਰਲ, ਜਸਪਾਲ ਸਿੰਘ ਵਿਰਕ, ਗੁਰਬਖ਼ਸ਼ ਸਿੰਘ ਜੰਡੂ, ਸੁਰਿੰਦਰ ਸਿੰਘ ਵਿਰਦੀ, ਨਰਿੰਦਰ ਸਿੰਗਘ ਸੰਧੂ, ਪ੍ਰਦੀਪ ਭਾਰਜ ਸ਼ਾਮਿਲ ਸਨ।