ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਚ ਸਿੱਖਿਆ ਖੇਤਰ ਵਿੱਚ ਅਹਿਮ ਕਦਮ ਚੁੱਕੇ ਜਾ ਰਹੇ ਹਨ: ਮੀਤ ਹੇਅਰ

ਚੰਡੀਗੜ੍ਹ : ਸਿੱਖਿਆ ਖੇਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਜਿਸ ਵੱਲ ਸਰਕਾਰ ਵਿਸ਼ੇਸ਼ ਤਵੱਜੋਂ ਦੇ ਰਹੀ ਹੈ। ਸੂਬੇ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਚ ਸਿੱਖਿਆ ਖੇਤਰ ਵਿੱਚ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਹ ਗੱਲ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਵਿਖੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਰੱਖੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਹੀ।ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਛੇ ਮਹੀਨਿਆਂ ਦੇ ਹੀ ਥੋੜੇ ਸਮੇਂ ਅੰਦਰ ਉਚ ਸਿੱਖਿਆ ਖੇਤਰ ਵਿੱਚ ਕਈ ਪੁਲਾਂਘਾ ਪੁੱਟੀਆਂ ਹਨ। ਪਿਛਲੇ ਛੇ ਸਾਲਾ ਤੋਂ ਚੱਲੀ ਆ ਰਹੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਯੂਨੀਵਰਸਿਟੀ-ਕਾਲਜਾਂ ਦੇ ਅਧਿਆਪਕਾਂ ਨੂੰ ਯੂ.ਜੀ.ਸੀ. ਸਕੇਲ ਦਿੱਤੇ ਗਏ। ਪਿਛਲੇ ਲੰਬੇ ਸਮੇਂ ਤੋਂ ਕਾਲਜਾਂ ਵਿੱਚ ਭਰਤੀ ਨਾ ਹੋਣ ਕਾਰਨ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰਾਂ ਸਹਾਰੇ ਹੀ ਬਹੁਤੇ ਕਾਲਜ ਚੱਲ ਰਹੇ ਹਨ। ਸਰਕਾਰ ਵੱਲੋਂ ਇਨਾਂ ਅਧਿਆਪਕਾਂ ਦੇ ਮਿਹਨਤਾਨੇ ਵਿੱਚ ਵੀ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਇਸ ਕਾਡਰ ਛੁੱਟੀਆਂ ਆਦਿ ਦੀਆਂ ਸਹੂਲਤਾਂ ਦਿੱਤੀਆਂ ਗਈਆਂ। ਪੂਟਾ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਮੰਗ ਉਤੇ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਪਹਿਲਾਂ ਹੀ ਸੂਬੇ ਦੇ ਮੁੱਖ ਸਕੱਤਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਉਤੇ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਵਾਅਦੇ ਨਹੀਂ ਵੀ ਪੂਰੇ ਕੀਤੇ ਗਏ, ਉਨਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ, ਜਿਵੇਂ ਕਿ ਇਕ ਵਿਧਾਇਕ-ਇਕ ਪੈਨਸ਼ਨ ਆਦਿ। ਇਸ ਤੋਂ ਪਹਿਲਾਂ ਪੂਟਾ ਵੱਲੋਂ ਉਚੇਰੀ ਸਿੱਖਿਆ ਮੰਤਰੀ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਮ੍ਰਿਤਿੁੰਜੇ ਕੁਮਾਰ ਨੇ ਮੀਤ ਹੇਅਰ ਦਾ ਸਵਾਗਤ ਕਰਦਿਆਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਜਿਨਾਂ ਪਿਛਲੇ ਛੇ ਸਾਲਾਂ ਤੋਂ ਕਾਲਜ-ਯੂਨੀਵਰਸਿਟੀ ਅਧਿਆਪਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਯੂ.ਜੀ.ਸੀ. ਸਕੇਲ ਦਿੱਤੇ। ਉਨਾਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੇ ਨਰਿੰਦਰ ਸਵਨਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਗੋਲਡੀ ਖਰੜ, ਪੂਟਾ ਤਰਫੋਂ ਅਮਰਜੀਤ ਸਿੰਘ ਨੌਰਾ, ਨਵਦੀਪ ਗੋਇਲ, ਰੌਣਕੀ ਰਾਮ, ਜਤਿੰਦਰ ਗਰੋਵਰ, ਰਜਤ ਸੰਧੀਰ, ਦਲਵਿੰਦਰ ਸਿੰਘ, ਕੇਸ਼ਵ ਮਲਹੋਤਰਾ, ਯੋਗਰਾਜ ਅੰਗਰੀਸ਼, ਸੈਨੇਟ ਮੈਂਬਰ ਸੰਦੀਪ ਕਟਾਰੀਆ, ਸ਼ਮਿੰਦਰ ਸੰਧੂ ਤੇ ਗੁਰਮੀਤ ਸਿੰਘ ਅਤੇ ਸਾਬਕਾ ਵਿਦਿਆਰਥੀ ਆਗੂ ਡਾ.ਭੁਪਿੰਦਰ ਸਿੰਘ ਬਾਠ ਵੀ ਹਾਜ਼ਰ ਸਨ।