ਆਈ.ਜੀ ਦਾ ਵੱਡਾ ਦਾਅਵਾ, ਪੰਜਾਬ 'ਚ 2022 ਦੌਰਾਨ ਅਪਰਾਧ ਦਰ ਚ ਆਈ ਗਿਰਾਵਟ

-ਪੰਜਾਬ ਪੁਲਿਸ ਨੇ ਅਪਰਾਧੀਆਂ ਨਾਲ ਕਰੜੇ ਹੱਥੀਂ ਨਜਿੱਠਦਿਆਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ, ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਅਤੇ ਅਪਰਾਧ ਮੁਕਤ ਕਰਨ ਲਈ ਵਚਨਬੱਧ
-ਪੰਜਾਬ ਪੁਲਿਸ ਦੀ ਅੰਦਰੂਨੀ ਸੁਰੱਖਿਆ ਵੱਲੋਂ ਇੱਕ ਸਾਲ ਵਿੱਚ 119 ਅੱਤਵਾਦੀ/ਕੱਟੜਪੰਥੀ ਅਤੇ ਏ.ਜੀ.ਟੀ.ਐਫ. ਵੱਲੋਂ 428 ਗੈਂਗਸਟਰ/ਅਪਰਾਧੀ ਗ੍ਰਿਫਤਾਰ
-ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ: 2022 ਦੌਰਾਨ 729 ਕਿਲੋ ਹੈਰੋਇਨ, 690 ਕਿਲੋ ਅਫੀਮ, 1396 ਕਿਲੋ ਗਾਂਜਾ, 11.59 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ 16798 ਨਸ਼ਾ ਤਸਕਰ ਕੀਤੇ ਕਾਬੂ
-ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਪੀ.ਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਗਿਣਤੀ 955 ਤੱਕ ਪਹੁੰਚੀ

ਚੰਡੀਗੜ੍ਹ, 26 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸੁਚੱਜੇ ਪ੍ਰਸ਼ਾਸਨ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਯੋਗ ਨਿਗਰਾਨੀ ਹੇਠ ਪੰਜਾਬ ਵਿੱਚ ਅਪਰਾਧ ਦਰ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਅਪਰਾਧ ਸਬੰਧੀ ਸੂਬੇ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਕਤਲਾਂ ਦੀ ਗਿਣਤੀ 2021 ਵਿੱਚ 723 ਤੋਂ ਘਟ ਕੇ 2022 ਵਿੱਚ 654 ਰਹਿ ਗਈ ਹੈ, ਜਦੋਂ ਕਿ ਅਗਵਾ ਕਰਨ ਦੀਆਂ ਘਟਨਾਵਾਂ 2021 ਵਿੱਚ 1787 ਤੋਂ ਘੱਟ ਕੇ 2022 ਵਿੱਚ1645 ਰਹਿ ਗਈਆਂ ਹਨ। ਇਸੇ ਤਰ੍ਹਾਂ ਚੋਰੀ ਨਾਲ ਸਬੰਧਤ ਕੇਸ ਵੀ 2021 ਵਿੱਚ 8417 ਤੋਂ ਘਟ ਕੇ 2022 ਵਿੱਚ 8407 ਰਹਿ ਗਏ ਹਨ ਅਤੇ ਆਬਕਾਰੀ ਐਕਟ ਨਾਲ ਸਬੰਧਤ ਕੇਸ 2021 ਵਿੱਚ 10745 ਤੋਂ ਘਟ ਕੇ 2022 ਵਿੱਚ 9104 ਰਹਿ ਗਏ ਹਨ। ਅੰਕੜਿਆਂ ਮੁਤਾਬਕ ਸੂਬੇ ਵਿੱਚ ਦਰਜ ਐਫ.ਆਈ.ਆਰਜ਼ ਦੀ ਗਿਣਤੀ ਵੀ 2021 ਵਿੱਚ 73581 ਤੋਂ ਘਟ ਕੇ 2022 ਵਿੱਚ 71827 ਰਹਿ ਗਈ ਹੈ। ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀ) ਸੁਖਚੈਨ ਸਿੰਘ ਗਿੱਲ ਨੇ ਅੱਜ ਕਿਹਾ ਕਿ 2022 ਦੌਰਾਨ ਪੰਜਾਬ ਪੁਲਿਸ ਦੀ ਅੰਦਰੂਨੀ ਸੁਰੱਖਿਆ ਨੇ 43 ਰਾਈਫਲਾਂ, 220 ਰਿਵਾਲਵਰ/ਪਿਸਟਲ, 13 ਟਿਫਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਇਸ(ਆਈਈਡੀਜ਼), 24.5 ਕਿਲੋਗ੍ਰਾਮ ਆਰਡੀਐਕਸ ਅਤੇ ਹੋਰ ਵਿਸਫੋਟਕ, 37 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀਆਂ ਦੋ ਸਲੀਵਜ਼, 22 ਡਰੋਨ ਅਤੇ 23 ਵਾਹਨਾਂ ਸਮੇਤ 119 ਅੱਤਵਾਦੀਆਂ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਕੇ 18 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ 6 ਅਪ੍ਰੈਲ, 2022 ਨੂੰ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਹੁਣ ਤੱਕ 428 ਗੈਂਗਸਟਰਾਂ/ਅਪਰਾਧੀਆਂ ਦੀ ਗ੍ਰਿਫਤਾਰੀ ਅਤੇ ਦੋ ਗੈਂਗਸਟਰਾਂ/ਅਪਰਾਧੀਆਂ ਦੇ ਖਾਤਮੇ ਨਾਲ 111 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 411 ਹਥਿਆਰ,ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 97 ਵਾਹਨ, 44.21 ਕਿਲੋਗ੍ਰਾਮ ਹੈਰੋਇਨ ਅਤੇ 1.30 ਕਰੋੜ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ।