ਜੇਕਰ ਸਾਰੇ ਹੀ ਬਾਹਰ ਚਲੇ ਗਏ ਤਾਂ ਪੰਜਾਬ ਵਿੱਚ ਸ਼ਹੀਦੀ ਦਿਹਾੜੇ ਕੌਣ ਮਨਾਵੇਗਾ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਫਤਿਹਗੜ੍ਹ ਸਾਹਿਬ, 28 ਦਸੰਬਰ : ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਸਲਾਨਾ ਸ਼ਹੀਦੀ ਸਭਾ ਦੇ ਅਖੀਰਲੇ ਦਿਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਰਦਾਸ ਉਪਰੰਤ ਸੰਪੰਨ ਹੋਇਆ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸਹਾਦਤ ਦਾ ਦਿਹਾੜਾ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਅਸੀਂ ਸਤਿਕਾਰ ਨਾਲ ਬਾਬਾ ਜੀ ਕਹਿੰਦੇ ਹਾਂ ਤੇ ਕੁੱਝ ਵਿਰਲਿਆਂ ਨੂੰ ਹੀ ਬਾਬਾ ਜੀ ਕਿਹਾ ਜਾਂਦਾ ਹੈ। ਜੱਥੇਦਾਰ ਨੇ ਕਿਹਾ ਕਿ ਅੱਜ ਸਿੱਖ-ਸਿੱਖ ਤੇ ਸ਼ੱਕ ਕਰਦਾ ਹੈ, ਸਿੱਖਾਂ ਦੀ ਆਪਸੀ ਧੜੇਬੰਦੀ ਬਹੁਤ ਜਿਆਦਾ ਵਧ ਗਈ ਹੈ, ਸਾਡੀ ਨੌਜਵਾਨੀ ਪੰਜਾਬ ਤੋਂ ਵਿਦੇਸ ਜਾ ਰਹੀ ਹੈ, ਕੀ? ਸਾਨੂੰ ਇੱਥੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ।, ਜੇਕਰ ਸਾਰੇ ਹੀ ਬਾਹਰ ਚਲੇ ਗਏ ਤਾਂ ਪੰਜਾਬ ਵਿੱਚ ਸ਼ਹੀਦੀ ਦਿਹਾੜੇ ਕੌਣ ਮਨਾਵੇਗਾ। ਕੀ? ਯੂ.ਪੀ.-ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜੋ ਹਲਾਤ ਹਨ, ਉਨ੍ਹਾਂ ਨੂੰ ਦੇਖ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਹੀਂ ਮਿਲਣੀ, ਪੰਜਾਬ ਦੀ ਧਰਤੀ ਤੇ ਸਾਡਾ ਪਾਣੀ ਵੀ ਡਰੇਨ ਜੋ ਰਿਹਾ, ਸਾਡਾ ਦਿਮਾਗ ਵੀ ਬਰੇਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ ਦੁਕਾਨਾਂ, ਜ਼ਮੀਨਾਂ ਵੇਚ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ, ਤੇ ਯੂ.ਪੀ.-ਬਿਹਾਰ ਦੇ ਲੋਕ ਸਾਡੀਆਂ ਜ਼ਮੀਨਾਂ ਤੇ ਦੁਕਾਨਾਂ ਖ੍ਰੀਦ ਰਹੇ ਹਨ। ਜੱਥੇਦਾਰ ਨੇ ਕਿਹਾ ਕਿ ਅੱਜ ਸਿੱਖ ਪਰਿਵਾਰਾਂ ਦੇ ਬੱਚੇ ਕ੍ਰਿਸਮਿਸ ਮਨਾ ਰਹੇ ਹਨ, ਇਸ ਲਈ ਸੋਚਣਾ ਚਾਹੀਦਾ ਹੈ ਕਿ ਸਿੱਖੀ ਖ਼ਤਮ ਹੋਣ ਦੇ ਕਿਨਾਰੇ ਹੈ। ਪੰਜਾਬ ਦੀ ਪਵਿੱਤਰ ਧਰਤੀ ਤੇ ਸ਼ਰਾਬ, ਤੰਬਾਕੂ ਸ਼ਰੇਆਮ ਵਿਕ ਰਿਹਾ ਹੈ, ਇਸ ਬਾਰੇ ਸਾਨੂੰ ਸੋਚਣ ਦੀ ਲੋੜ ਹੈ। ਸਿੱਖ ਕੌਮ ਲਾਸਾਨੀ ਵਿਰਸੇ ਦੀ ਵਾਰਸ ਹੈ ਅਤੇ ਕੌਮ ਦੇ ਇਤਿਹਾਸ ਅੰਦਰ ਸ਼ਹਾਦਤਾਂ ਦੀ ਲੰਮੀ ਲੜੀ ਮੌਜ਼ੂਦ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਗੁਰਬਾਣੀ, ਇਤਿਹਾਸ, ਮਰਿਆਦਾ ਅਜੋਕੀ ਨੌਜਵਾਨੀ ਨੂੰ ਆਪਣੇ ਸਾਨਾਂਮੱਤੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂੰ ਕਰਵਾਉਣ ਦੀ ਵੱਡੀ ਲੋੜ ਅਤੇ ਪ੍ਰੰਪਰਾਵਾਂ ਦੇ ਗਿਆਨ ਤੋਂ ਹੋਣ ਦੀ ਅਪੀਲ ਕੀਤੀ।