ਗੈਂਗਸਟਰ ਕਾਲਾ ਧਨੌਲਾ ਦਾ ਏ.ਜੀ.ਟੀ.ਐਫ਼ ਦੀ ਟੀਮ ਨੇ ਕੀਤਾ ਐਂਨਕਾਊਂਟਰ, ਬਡਬਰ ਦੇ ਟੋਲ ਪਲਾਜ਼ੇ ਨਜਦੀਕ ਹੋਇਆ ਮੁਕਾਬਲਾ

ਬਰਨਾਲਾ, 18 ਫਰਵਰੀ : ਬਰਨਾਲਾ ਜ਼ਿਲ੍ਹੇ ਦੇ ਧਨੌਲਾ ਕਸਬੇ ਵਿਚ ਰਹਿਣ ਵਾਲੇ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲਾ ਦਾ ਏ.ਜੀ.ਟੀ.ਐਫ਼ ਦੀ ਟੀਮ ਨੇ ਬਡਬਰ ਵਿਖੇ ਐਂਨਕਾਊਂਟਰ ਕਰ ਦਿੱਤਾ। ਗੈਂਗਸਟਰ ਕਾਲਾ ਧਨੌਲਾ ਖਿਲਾਫ਼ 50 ਤੋਂ ਵੀ ਵੱਧ ਅਪਰਾਧਿਕ ਮਾਮਲੇ ਦਰਜ ਸਨ। ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਅਪਰਾਧਿਕ ਗਤੀਵਿਧੀਆਂ ਵਿਚ ਜੁੜਿਆ ਹੋਇਆ ਸੀ ਅਤੇ ਕਾਫ਼ੀ ਸਮਾਂ ਜੇਲ੍ਹ ਵਿਚ ਵੀ ਬੰਦ ਰਿਹਾ। ਕੁੱਝ ਮਹੀਨੇ ਪਹਿਲਾਂ ਹੀ ਉਹ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਇਆ ਸੀ, ਜੇਲ੍ਹ ਵਿਚੋਂ ਬਾਹਰ ਆ ਕੇ ਉਸ ਨੇ ਟਰੱਕ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰਪਾਲ ਬਾਲਾ ’ਤੇ ਹਮਲਾ ਕਰ ਦਿੱਤਾ ਸੀ ਅਤੇ ਉਸ ਉਪਰ ਫਾਇਰਿੰਗ ਵੀ ਕੀਤੀ ਸੀ। ਇਸ ਤੋਂ ਬਾਅਦ ਉਹ ਫ਼ਰਾਰ ਚੱਲ ਰਿਹਾ ਸੀ, ਪੁਲਿਸ ਉਸ ਦੀ ਭਾਲ ’ਤੇ ਜੁਟੀ ਹੋਈ ਸੀ। ਅੱਜ ਏ.ਜੀ.ਟੀ.ਐਫ਼ ਦੀ ਟੀਮ ਜਿਸ ਦੀ ਅਗਵਾਈ ਡੀਐਸਪੀ ਬਿਕਰ ਸਿੰਘ ਬਰਾੜ ਕਰ ਰਹੇ ਸਨ। ਟੀਮ ਅੱਜ ਕਾਲਾ ਧਨੌਲਾ ਦੇ ਪਿੱਛੇ ਲੱਗੀ ਹੋਈ ਸੀ, ਜਦੋਂ ਉਹ ਬਡਬਰ ਦੇ ਟੋਲ ਪਲਾਜ਼ਾ ਨਜਦੀਕ ਪੁੱਜੇ ਤਾਂ ਕਾਲਾ ਧਨੌਲਾ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਫਾਇਰਿੰਗ ਵਿਚ ਗੋਲੀ ਕਾਲਾ ਧਨੌਲਾ ਦੇ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਮੁਕਾਬਲੇ ਵਿਚ ਦੋ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਕਾਲਾ ਧਨੌਲਾ ਦੇ ਮਾਰੇ ਜਾਣ ਕਾਰਨ ਬਰਨਾਲਾ ਜ਼ਿਲ੍ਹੇ ਵਿਚ ਗੈਂਗਸਟਰਾਂ ਦਾ ਲਗਭੱਗ ਸਫ਼ਾਇਆ ਹੋ ਚੁੱਕਿਆ ਹੈ।