ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ 117 ਥਾਵਾਂ 'ਤੇ ਕਿਸਾਨਾਂ ਨੇ ਲਗਾਇਆ ਜਾਮ 

ਚੰਡੀਗੜ੍ਹ, 16 ਫਰਵਰੀ : ਸੰਯੁਕਤ ਕਿਸਾਨ ਮੋਰਚਾ ਅਤੇ ਰਾਸ਼ਟਰੀ ਟਰੇਡ ਯੂਨੀਅਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਤੀਸਰੇ ਦੌਰ ਦੀ ਗੱਲਬਾਤ ਦੀ ਅਸਫ਼ਲਤਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ-ਹਰਿਆਣਾ ਸਰਹੱਦ 'ਤੇ ਬੈਠਣ ਦਾ ਫ਼ੈਸਲਾ ਕੀਤਾ ਹੈ। ਬੰਦ ਦੇ ਸੱਦੇ ਦੇ ਨਾਲ ਹੀ ਲੋਕਾਂ ਨੂੰ ਬੇਲੋੜੇ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਸੀ। ਦੂਜੇ ਪਾਸੇ ਅੰਮ੍ਰਿਤਸਰ ਵਿਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨਾਲ ਵੀ ਪੁਲਿਸ ਨੇ ਹੱਥੋਪਾਈ ਕੀਤੀ। ਜਲੰਧਰ 'ਚ ਵੀ ਲੋਕਾਂ ਨੇ ਖ਼ੁਦ ਬਾਜ਼ਾਰ ਬੰਦ ਰੱਖੇ। ਲੁਧਿਆਣਾ ਵਿਚ 10 ਥਾਵਾਂ ’ਤੇ ਧਰਨੇ ਦਿੱਤੇ ਗਏ ਅਤੇ ਜੀ.ਟੀ.ਰੋਡ ਬੰਦ ਕਰ ਦਿੱਤਾ ਗਿਆ। ਕੋਹਾੜ ਚੌਕ ਵਿਖੇ ਲੱਗੇ ਜਾਮ ਤੋਂ ਬਾਅਦ ਲੁਧਿਆਣਾ-ਚੰਡੀਗੜ੍ਹ ਰੋਡ ਵੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਸੀ ਕਿ ਇਹ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਹੈ। ਇਸ ਦੇ ਬਾਵਜੂਦ ਕਿਸਾਨਾਂ ਨੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਰ ਮੁੱਖ ਮਾਰਗ ਨੂੰ ਜਾਮ ਕੀਤਾ। ਕਿਸਾਨ ਮੋਰਚੇ ਨੇ ਥਾਂ-ਥਾਂ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਿਸੇ ਵੀ ਵਾਹਨ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਵਿਚ 37 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਦੀਆਂ ਟਰੇਡ ਯੂਨੀਅਨਾਂ ਪੰਜਾਬ ਭਰ ਦੇ 23 ਜ਼ਿਲ੍ਹਿਆਂ ਵਿਚ 117 ਥਾਵਾਂ ’ਤੇ ਧਰਨੇ ਦਿੱਤੇ। ਇਸ ਦੌਰਾਨ ਸਾਰੀਆਂ 117 ਥਾਵਾਂ 'ਤੇ ਸੜਕਾਂ ਜਾਮ ਕੀਤੀਆਂ ਗਈਆਂ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਚਾਰ ਕਾਰਨਾਂ ਕਰਕੇ ਹੀ ਲੋਕਾਂ ਨੂੰ ਇਸ ਬੰਦ ਵਿਚ ਜਾਣ ਦੀ ਛੋਟ ਦਿੱਤੀ ਜਾਵੇਗੀ। ਕਿਸਾਨਾਂ ਨੇ ਬੰਦ ਦੌਰਾਨ ਐਂਬੂਲੈਂਸ ਨੂੰ ਨਹੀਂ ਰੋਕਿਆ। ਇਸ ਤੋਂ ਇਲਾਵਾ ਮੈਡੀਕਲ ਐਮਰਜੈਂਸੀ ਲਈ ਜਾਣ ਵਾਲੇ ਵਿਅਕਤੀ ਨੂੰ ਵੀ ਜਾਣ ਦਿੱਤਾ ਗਿਆ। ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰਾਂ ਨੂੰ ਵੀ ਜਾਣ ਦਿੱਤਾ ਗਿਆ ਤੇ ਨਾਲ ਹੀ ਕਿਸਾਨਾਂ ਨੇ ਵਿਆਹ ਦੇ ਪ੍ਰੋਗਰਾਮ 'ਤੇ ਜਾ ਰਹੇ ਲੋਕਾਂ ਨੂੰ ਨਹੀਂ ਰੋਕਿਆ। ਗੁਰਦੁਆਰਿਆਂ ਵਿਚ ਵਿਆਹਾਂ ਦੀਆਂ ਬਰਾਤਾਂ, ਡੋਲੀ ਜਾਂ ਲਾਵਾਂ ਲਈ ਜਾਣ ਵਾਲੇ ਜੋੜਿਆਂ ਨੂੰ ਵੀ ਜਾਣ ਦਿੱਤਾ ਗਿਆ।