ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਤੀ ਆਤਮਹੱਤਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਬਠਿੰਡਾ, 20 ਮਾਰਚ (ਅਨਿਲ ਵਰਮਾ) : ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਇੱਕ ਹੋਰ ਕਿਸਾਨ ਨੇ ਆਪਣੀ ਜਿੰਦਗੀ ਖਤਮ ਕਰ ਲਈ। ਪਿੰਡ ਦੁੱਨੇਵਾਲਾ ਦੇ ਕਿਸਾਨ ਗੁਰਿੰਦਰ ਸਿੰਘ ਨੇ ਪ੍ਰਾਈਵੇਟ ਫਾਇਨਾਂਸ ਕੰਪਨੀ ਤੋਂ ਦੁਖੀ ਹੋ ਕੇ ਘਰ ਵਿੱਚ ਪਈ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ,ਜਿਸ ਕਰਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ।ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਗਵਾਈ ਮਿ੍ਰਤਕ ਕਿਸਾਨ ਦੀ ਲਾਸ਼ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਦਫ਼ਤਰ ਮੂਹਰੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਕਿ ਕਿਸਾਨ ਨੂੰ ਪ੍ਰੇਸ਼ਾਨ ਕਰਨ ਵਾਲੇ ਕੰਪਨੀ ਮੁਲਾਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਕਿਸਾਨ ਆਗੂ ਬਲਦੇਵ ਸਿੰਘ, ਰੇਸ਼ਮ ਸਿੰਘ ,ਸੁਰਜੀਤ ਸਿੰਘ ਨੇ ਕਿਹਾ ਕਿ ਉਕਤ ਕਿਸਾਨ ਨੇ ਸਾਲ 2018 ਵਿੱਚ ਪ੍ਰਾਈਵੇਟ ਕੰਪਨੀ ਤੋਂ 3 ਲੱਖ 40 ਹਜ਼ਾਰ ਰੁਪਏ ਲੋਨ ਲਿਆ ਸੀ, 5 ਸਾਲ ਕਿਸਤਾਂ ਵੀ ਭਰੀਆ ਪਰ ਹੁਣ ਫੇਰ ਕੰਪਨੀ ਵੱਲੋਂ ਕਿਸਾਨ ਸਿਰ 5 ਲੱਖ ਦਾ ਕਰਜ਼ਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਕਿਸਾਨ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਕਿਸਾਨ ਗੁਰਿੰਦਰ ਸਿੰਘ ਨੇ ਘਰ ਵਿੱਚ ਪਈ ਕੀਟਨਾਸ਼ਕ ਦਵਾਈ ਪੀ ਕੇ ਆਤਮਹੱਤਿਆ ਕਰ ਲਈ । ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਿਸਾਨ ਨੂੰ ਪਰੇਸ਼ਾਨ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ, ਸਾਰੇ ਕਰਜ਼ੇ ਮਾਫ ਕੀਤੇ ਜਾਣ, ਮਿ੍ਰਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ 20 ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਜਾਵੇ ਨਹੀਂ ਤਾਂ ਉਦੋ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਪ੍ਰਾਈਵੇਟ ਕੰਪਨੀ ਦੇ ਦਫ਼ਤਰ ਮੂਹਰੇ ਲਾਸ਼ ਰੱਖ ਕੇ ਕੀਤੇ ਗਏ ਧਰਨੇ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।