ਜਲੰਧਰ ‘ਚ ਫਰਿੱਜ ਦੀ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ, ਲੱਗੀ ਅੱਗ, ਪਿਓ-ਪੁੱਤ ਦੀ ਮੌਤ

ਜਲੰਧਰ, 10 ਨਵੰਬਰ : ਸਥਾਨਕ ਸ਼ਹਿਰ ਦੀ ਦਾਣਾ ਮੰਡੀ ਦੇ ਨੇੜੇ ਪੈਂਦੇ ਸਤਨਾਮ ਨਗਰ ‘ਚ ਫਰਿੱਜ ਦੇ ਕੰਪ੍ਰੈਸ਼ਰ ਦੀ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਕਾਰਨ ਫੈਲੀ ਅੱਗ ਅਤੇ ਜਹਿਰੀਲੀ ਗੈਸ ਚੜਨ ਕਾਰਨ ਪਿਓ-ਪੁੱਤ ਦੀ ਮੌਤ ਹੋ ਜਾਣ ਦੀ ਖਬਰ ਹੈ। ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾਂ ਦੀ ਸੂਚਨਾਂ ਮਿਲਦਿਆਂ ਮੌਕੇ ਤੇ ਪੁੱਜੀ ਥਾਣਾ -2 ਦੀ ਪੁਲਿਸ ਟੀਮ ਅਤੇ ਫੋਰੈਂਸਿਕ ਟੀਮ ਨੇ ਘਟਨਾਂ ਦੀ ਬਾਰੀਕੀ ਨਾ ਜਾਂਚ ਕੀਤੀ ਅਤੇ ਕਈ ਥਾਵਾਂ ਤੋਂ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਦੁਪਿਹਰ ਤਕਰੀਬਨ 12 ਵਜੇ ਇਹ ਘਟਨਾਂ  ਹਰਪਾਲ ਸਿੰਘ ਦੇ ਘਰ ਵਾਪਰੀ, ਜੋ ਆਪਣੇ ਘਰ ਵਿੱਚ ਜਿੰਮ ਦੇ ਡੰਬਲ ਅਤੇ ਪਲੇਟ ਬਣਾਉਣ ਦਾ ਕੰਮ ਕਰਦਾ ਸੀ। ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਸਨ। ਮ੍ਰਿਤਕਾਂ ਦੀ ਪਹਿਚਾਣ ਹਰਪਾਲ ਸਿੰਘ (45) ਅਤੇ ਨੌਜਵਾਨ ਜਸ਼ਨ ਸਿੰਘ (17) ਵਜੋਂ ਹੋਈ ਹੈ, ਜੋ ਰਿਸ਼ਤੇ ਵਿੱਚ ਪਿਓ ਪੁੱਤ ਸਨ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆ ਏਸੀਪੀ ਨਿਰਮਲ ਸਿੰਘ ਅਤੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਚਾਅ ਕਾਰਜ ਤੁਰੰਤ ਸ਼ੁਰੂ ਕਰਵਾ ਦਿੱਤੇ ਗਏ ਸਨ, ਜਿਸ ਇਮਰਾਤ ਵਿੱਚ ਅੱਗ ਲੱਗੀ ਸੀ, ਉਸ ਦੀ ਵਰਤੋਂ ਖੇਡਾਂ ਦੇ ਸਮਾਨ ਦੀ ਪੈਕਿੰਗ ਕਰਨ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਘਟਨਾਂ ਮੌਕੇ 7 ਲੋਕ ਅੰਦਰ ਸਨ, ਜਿੰਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਉ –ਪੁੱਤ ਹਰ ਰੋਜ ਵਾਂਗ ਘਰ ਵਿੱਚ ਖੇਡਾਂ ਦਾ ਸਮਾਨ ਪੈਕ ਕਰ ਸਨ, ਇਸ ਸਮੇਂ ਇੱਕ ਧਮਾਕਾ ਹੋਇਆ, ਜਿਸ ਕਾਰਨ ਘਰ ਵਿੱਚ ਹਫੜਾ-ਦਫੜੀ ਮੱਚ ਗਈ। ਘਰ ਵਿੱਚ ਜਹਿਰੀਲੀ ਗੈਸ ਫੈਲ ਗਈ, ਹਰਪਾਲ ਸਿੰਘ, ਜਤਿੰਦਰ ਸਿੰਘ ਤੇ ਜਸ਼ਨ ਸਿੰਘ ਧਮਾਕੇ ਕਾਰਨ ਲੱਗੀ ਅੱਗ ‘ਚੋ ਸਮਾਨ ਕੱਢਣ ਲਈ ਘਰ ‘ਚ ਦਾਖਲ ਹੋਏ, ਪਰ ਜਹਿਰੀਲੀ ਗੈਸ ਫੈਲੀ ਹੋਣ ਕਾਰਨ ਉਹ ਗੈਸ ਦੀ ਲਪੇਟ ਵਿੱਚ ਆ ਗਏ। ਤਿੰਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਜਸ਼ਨ ਸਿੰਘ ਤੇ ਹਰਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਜਤਿੰਦਰ ਸਿੰਘ ਜੇਰੇ ਇਲਾਜ ਹਨ, ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।