ਨਸ਼ੇੜੀ ਪੁੱਤ ਨੇ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਕੀਤਾ ਬੇਰਹਿਮੀ ਨਾਲ ਕਤਲ

ਪਾਤੜਾਂ, 2 ਜੁਲਾਈ : ਪਿੰਡ ਕੰਗਥਲਾ ਦੇ ਇਕ ਨਸ਼ੇੜੀ ਪੁੱਤ ਨੇ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਮੁਲਜ਼ਮ ਨੇ ਮਾਂ ਦੀ ਟੁਕੜੇ-ਟੁਕੜੇ ਕੀਤੀ ਲਾਸ਼ ਘਰ ਵਿਚ ਹੀ ਤੇਲ ਪਾ ਸਾੜ ਦਿਤੀ ਸੀ ਜਦੋਂ ਕਿ ਭਰਾ ਦੀ ਲਾਸ਼ ਨੂੰ ਇਕ ਡਰੇਨ ’ਚ ਸੁੱਟ ਦਿਤਾ। ਪੁਲਿਸ ਨੇ ਕਤਲ ਲਈ ਵਰਤਿਆ ਸੱਬਲ ਤੇ ਮਾਂ ਦਾ ਪਿੰਜਰ ਬਰਾਮਦ ਕਰ ਲਿਆ ਹੈ। ਥਾਣਾ ਸ਼ੁਤਰਾਣਾ ਦੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਵਾਰਦਾਤ ਵਿਚ ਮੁਲਜ਼ਮ ਦੇ ਦੋ ਹੋਰ ਦੋਸਤਾਂ ਨੇ ਸਾਥ ਦਿਤਾ, ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਤਿੰਨਾਂ ਜਣਿਆਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਹੈ ਕਿ ਗੁਰਵਿੰਦਰ ਸਿੰਘ ਉਰਫ ਗਿੰਦਾ ਨੇ ਬੇਰਹਿਮੀ ਨਾਲ ਪਰਮਜੀਤ ਕੌਰ ਤੇ ਜਸਵਿੰਦਰ ਸਿੰਘ ਜੋਧਾ ਦਾ ਕਤਲ ਕਰ ਦਿਤਾ।