ਅੰਮ੍ਰਿਤਸਰ ਦੇ ਛੇਹਰਟਾ ‘ਚ ਘਰ ਵਿੱਚੋਂ ਅਧਿਆਪਕ ਜੋੜੇ ਦੀਆਂ ਲਾਸ਼ਾਂ ਬਰਾਮਦ

ਅੰਮ੍ਰਿਤਸਰ, 22 ਜਨਵਰੀ : ਛੇਹਰਟਾ ਦੇ ਕਰਤਾਰ ਨਗਰ ਇਲਾਕੇ ‘ਚ ਸੋਮਵਾਰ ਸਵੇਰੇ ਇਕ ਅਧਿਆਪਕ ਜੋੜੇ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਦੋਵਾਂ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਕਰਤਾਰ ਨਗਰ ਵਿੱਚ ਰਹਿੰਦੇ ਸਨ। ਜਾਣਕਾਰੀ ਮੁਤਾਬਕ ਘਰ ਦੇ ਬੈੱਡ ‘ਤੇ ਸੁਸਾਈਡ ਨੋਟ ਮਿਲਿਆ ਹੈ, ਜਿਸ ‘ਚ ਅਨੂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਔਰਤ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਤੀ-ਪਤਨੀ ਮਨੀਸ਼ ਅਤੇ ਆਰਤੀ ਹਨ। ਦੋਵਾਂ ਦਾ ਇਹ ਦੂਜਾ ਵਿਆਹ ਸੀ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਅਲਮਾਰੀ 'ਤੇ ਇਕ ਲਾਈਨ ਲਿਖੀ ਸੀ, ਜਦਕਿ ਇਕ ਹੱਥ ਲਿਖਤ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸਵੇਰੇ ਜਦੋਂ ਦੋਵਾਂ ਨੇ ਫੋਨ ਨਹੀਂ ਚੁੱਕਿਆ ਤਾਂ ਪਰਿਵਾਰਕ ਮੈਂਬਰ ਘਰ ਪਹੁੰਚੇ। ਜਦੋਂ  ਅੰਦਰ ਜਾ ਕੇ ਦੇਖਿਆ ਤਾਂ ਦੋਹਾਂ ਦੀਆਂ ਲਾਸ਼ਾਂ ਜ਼ਮੀਨ 'ਤੇ ਪਈਆਂ ਸਨ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਟੁੱਟੀ ਹੋਈ ਰੱਸੀ ਲਟਕਦੀ ਮਿਲੀ ਅਤੇ ਡਿੱਗਣ ਕਾਰਨ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਫਿਲਹਾਲ ਇਹ ਸੱਟਾਂ ਡਿੱਗਣ ਨਾਲ ਲੱਗੀਆਂ ਜਾਂ ਕੁੱਟਮਾਰ ਕਾਰਨ, ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਹੋਵੇਗਾ। ਇਸ ਮਾਮਲੇ 'ਚ ਦੋ ਸੁਸਾਈਡ ਨੋਟ ਬਰਾਮਦ ਹੋਏ ਹਨ। ਜਿਸ ਵਿੱਚ ਅਲਮਾਰੀ ਉੱਤੇ ਇੱਕ ਨੋਟ ਲਿਖਿਆ ਹੋਇਆ ਸੀ। ਅਲਮਾਰੀ 'ਤੇ ਲਿਖੀ ਲਾਈਨ 'ਚ ਸਪੱਸ਼ਟ ਲਿਖਿਆ ਹੈ ਕਿ ਮੌਤ ਲਈ ਅਨੁਬਾਲਾ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਕਾਗਜ਼ 'ਚ ਲਿਖੇ ਨੋਟ 'ਚ ਲਿਖਿਆ ਹੈ ਕਿ ਮੌਤ ਦੀ ਜ਼ਿੰਮੇਵਾਰੀ ਅਨੁਬਾਲਾ ਅਤੇ ਉਸ ਦੀ ਮਾਂ ਉਮਾ 'ਤੇ ਹੈ। ਇਨ੍ਹਾਂ ਦੋਵਾਂ ਕਾਰਨ ਘਰ ਵਿਚ ਲੜਾਈ-ਝਗੜੇ ਵਧਦੇ ਜਾ ਰਹੇ ਸਨ। ਅਨੁਬਾਲਾ ਉਸ ਨੂੰ ਵਾਰ-ਵਾਰ ਪੁਲਿਸ ਕੋਲ ਜਾਣ ਅਤੇ ਅਦਾਲਤਾਂ ਵਿਚ ਜਾਣ ਦੀ ਧਮਕੀ ਦਿੰਦੀ ਸੀ।