ਬੱਚੀ ਦਿਲਰੋਜ਼ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੀ ਔਰਤ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ 

ਲੁਧਿਆਣਾ, 18 ਅਪ੍ਰੈਲ : ਦਿਲਰੋਜ਼ ਕੌਰ ਦੇ ਬੇਰਹਿਮੀ ਨਾਲ ਕਤਲ ਕੇਸ ਵਿੱਚ ਕਾਤਲ ਨੀਲਮ ਨੂੰ ਲੈ ਕੇ ਅੱਜ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਨਵੰਬਰ 2021 ਵਿੱਚ ਤਿੰਨ ਸਾਲਾ ਬੱਚੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੀ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਔਰਤ ਨੀਲਮ ਨੂੰ ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਦੋਸ਼ੀ ਪਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਣ ਲਈ ਕਿਹਾ ਸੀ। ਸੋਮਵਾਰ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਇਸ ਤੋਂ ਬਾਅਦ ਇਕ ਵਾਰ ਫਿਰ ਦੋਸ਼ੀ ਨੀਲਮ ਨੂੰ ਜੇਲ ਭੇਜ ਦਿੱਤਾ ਗਿਆ ਸੀ। ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨੇ ਅਦਾਲਤ ਨੂੰ ਇਸ ਘਿਨਾਉਣੇ ਅਪਰਾਧ ਲਈ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਸੁਣਾਏ ਗਏ ਫੈਸਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਰਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਅਦਾਲਤ ਵਿਚ ਇਸ ਦੋਸ਼ ਨੂੰ ਸਾਬਿਤ ਕਰਨ ਲਈ ਉਨ੍ਹਾਂ ਨੇ 25 ਤੋਂ ਵੱਧ ਗਵਾਹ ਪੇਸ਼ ਕੀਤੇ ਸਨ। ਦਸ ਦਈਏ ਕੀ ਇਸ ਕੇਸ ਨੂੰ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਾਮੀ ਵਕੀਲ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਬਿਨਾਂ ਫੀਸ ਤੋਂ ਵਕਾਲਤ ਕਰਕੇ ਜਿੱਤਿਆ ਹੈ ਅਤੇ ਦੋਸਣ ਨੂੰ ਫਾਂਸੀ ਦੀ ਸਜ਼ਾ ਦਵਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

ਕੀ ਸੀ ਮਾਮਲਾ ?
ਨੀਲਮ ਨੇ ਹੀ ਦਿਲਰੋਜ਼ ਦਾ ਕਤਲ ਕੀਤਾ ਸੀ, ਜੋ ਕਿ ਪਹਿਲਾਂ ਤੋਂ ਹੀ ਉਸਦੇ ਪਰਿਵਾਰ ਦੇ ਨਾਲ ਰੰਜਿਸ਼ ਰੱਖਦੀ ਸੀ। ਕਤਲ ਕਰਨ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਉਸ ਨੂੰ ਲੱਭਣ ਦੇ ਲਈ ਘੁੰਮਦੀ ਰਹੀ ਅਤੇ ਪਰਿਵਾਰ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਨੇ ਹੀ ਕੀਤਾ ਹੈ। ਨੀਲਮ 2015 ਤੋਂ ਤਲਾਕਸ਼ੁਦਾ ਹੈ ਤੇ ਆਪਣੇ ਦੋ ਬੇਟੀਆਂ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਨਾਲ ਰਹਿ ਰਹੀ ਹੈ। ਕਤਲ ਤੋਂ ਪਹਿਲਾਂ ਉਸ ਦੀ ਦਿਲਰੋਜ਼ ਦੇ ਮਾਪਿਆਂ ਦੇ ਨਾਲ ਛੋਟੀ ਜਿਹੀ ਗੱਲ ਉੱਤੇ ਬਹਿਸ ਹੋਈ ਸੀ ਅਤੇ ਉਸ ਗੱਲ ਤੋਂ ਹੀ ਉਸਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਦਿਲਰੋਜ਼ ਦਾ ਕਤਲ ਕਰ ਦਿੱਤਾ। ਨੀਲਮ ਦੇ ਪਰਿਵਾਰਿਕ ਮੈਂਬਰ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਜਾ ਰਹੇ ਸਨ ਅਤੇ ਉਹ ਆਖਰੀ ਦਿਨ ਸੀ, ਜਿਸ ਦਿਨ ਉਹਨਾਂ ਨੇ ਆਪਣੇ ਘਰ ਦਾ ਬਾਕੀ ਸਮਾਨ ਚੁੱਕਣਾ ਸੀ, ਜਿਸ ਵੇਲੇ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮਾਸੂਮ ਦਿਲਰੋਜ਼ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ।