ਕਾਂਗਰਸ ਪ੍ਰਧਾਨ ਵੜਿੰਗ ਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋਂ ਨੋਟਿਸ ਜਾਰੀ

ਚੰਡੀਗੜ੍ਹ : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਜਥੇਬੰਦੀ ਦੇ ਖਿਲਾਫ ਕੀਤੀ ਗਈ ਬਿਆਨਬਾਜੀ ਨੂੰ ਲੈਕੇ ਭੇਜਿਆ ਗਿਆ ਹੈ। ਕਾਂਗਰਸ ਪ੍ਰਧਾਨ ਵੜਿੰਗ ਨੇ ਬੀਤੇ ਦਿਨੀਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਤੇ ਪਾਕਿਸਤਾਨ ਦੀ ਸ਼ਹਿ ‘ਤੇ ਕੰਮ ਕਰਨ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਾਏ ਸੀ। ਕਾਂਗਰਸ ਪ੍ਰਧਾਨ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਸੀ। ਉਨ੍ਹਾਂ ਨੇ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁੱਖ ਮਕਸਦ ਕੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਮੁਖੀ ਬਣਿਆ ਕਰੀਬ ਇਕ ਸਾਲ ਦਾ ਸਮਾਂ ਹੋ ਗਿਆ ਹੈ। ਇੰਨੀ ਦਿਨੀਂ ਉਹ ਕਾਫ਼ੀ ਚਰਚਾ ‘ਚ ਚੱਲ ਰਹੇ ਹਨ ਕਿਉਂਕਿ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਨਾਲ ਸੰਬੰਧ ਰੱਖਦੇ ਹਨ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੇਰਾ ਕੋਈ ਪਿਛੋਕੜ ਇਤਿਹਾਸ ਨਹੀਂ ਹੈ ਅਤੇ ਮੈਂ ਆਮ ਘਰ ਨਾਲ ਸੰਬੰਧ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਪੰਥ ਅਤੇ ਸ਼ਹੀਦਾਂ ਨਾਲ ਮੇਰਾ ਸ਼ੁਰੂ ਤੋਂ ਪ੍ਰੇਮ ਰਿਹਾ ਹੈ। ਪੰਥਕ ਰਾਹ ਤੋਂ ਭਟਕੇ ਵੀ ਰਹੇ ਹਾਂ ਪਰ ਪਰਮਾਤਮਾ ਨੇ ਕਿਰਪਾ ਕਰ ਕੇ ਮੁੜ ਤੋਂ ਪੰਥ ਦੇ ਰਾਹ ‘ਤੇ ਤੋਰਿਆ ਹੈ।