ਮੁੱਖ ਮੰਤਰੀ ਮਾਨ ਨੇ ਲੁਧਿਆਣਾ ਵਿਖੇ ਬਹਿਸ ਦੌਰਾਨ ਕੀਤੇ ਕੂੜ ਪ੍ਰਚਾਰ ਲਈ 10 ਦਿਨਾਂ ਵਿਚ ਮੁਆਫੀ ਮੰਗੇ ਜਾਂ ਫਿਰ ਫੌਜਦਾਰੀ ਮਾਣਹਾਨੀ ਦਾ ਸਾਹਮਣਾ ਕਰੇ : ਸੁਖਬੀਰ

ਚੰਡੀਗੜ੍ਹ, 3 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਲੁਧਿਆਣਾ ਵਿਚ ਆਪਣੀ ਨਕਲੀ ਬਹਿਸ ਦੌਰਾਨ ਬਾਦਲ ਪਰਿਵਾਰ ਖਿਲਾਫ ਕੀਤੇ ਕੂੜ ਪ੍ਰਚਾਰ ਲਈ ਬਿਨਾਂ ਸ਼ਰਤ 10 ਦਿਨਾਂ ਦੇ ਅੰਦਰ-ਅੰਦਰ ਮੁਆਫੀ ਮੰਗਣ ਜਾਂ ਫਿਰ ਫੌਜਦਾਰੀ ਮਾਣਹਾਨੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੀ ਏ ਵੀ ਯੂ ਵਿਖੇ ਇਕ ਵਨ ਮੈਨ ਸ਼ੋਅ ਜਿਸਦਾ ਸਾਰੀ ਵਿਰੋਧੀ ਧਿਰ ਨੇ ਬਾਈਕਾਟ ਕੀਤਾ, ਦੌਰਾਨ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਸ ਖਰਾਬ ਕਰਨ ਵਾਸਤੇ ਇਹ ਦਾਅਵਾ ਕੀਤਾ ਕਿ 1998 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਬਾਲਾਸਰ ਵਿਚ ਬਾਦਲ ਫਾਰਮ ਤੱਕ ਨਹਿਰ ਲੁਆਉਣ ਲਈ ਭਾਖੜਾ ਮੇਨ ਲਾਈਨ ਨਹਿਰ ਦੀ ਉਚਾਈ ਉੱਚੀ ਚੁੱਕੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਦਾਅਵਾ ਸੱਚ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਸ੍ਰੀ ਦੇਵੀ ਲਾਲ ਤਾਂ 1977 ਵਿਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਜਦੋਂ ਕਿ ਬਾਲਾਸਰ ਬ੍ਰਾਂਚ 12.3.1964 ਨੂੰ ਹੋਂਦ ਵਿਚ ਆਈ ਸੀ। ਉਹਨਾਂ ਕਿਹਾ ਕਿ ਬਾਲਾਸਰ ਬ੍ਰਾਂਚ ਬਾਣੀ ਬ੍ਰਾਂਚ ਦਾ ਹਿੱਸਾ ਹੈ ਜੋ ਅੱਗੇ ਭਾਖੜਾ ਨਹਿਰੀ ਪ੍ਰਣਾਲੀ ਦੀ ਪੰਜੋਆਣਾ ਪ੍ਰਣਾਲੀ ਦਾ ਹਿੱਸਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਐਮਰਜੰਸੀ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੇਲ੍ਹ ਵਿਚ ਰਹਿੰਦਿਆਂ ਐਸ ਵਾਈ ਐਲ ਦੀ ਉਸਾਰੀ ਵਾਸਤੇ ਲਿਖੀ ਇਕ ਵੀ ਚਿੱਠੀ ਵਿਖਾਉਣ। ਉਹਨਾਂ ਕਿਹਾ ਕਿ ਇਹ ਸਰਦਾਰ ਬਾਦਲ ਦਾ ਅਕਸ ਖਰਾਬ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਸਰਦਾਰ ਬਾਦਲ ਨੇ ਡੱਟ ਕੇ ਐਮਰਜੰਸੀ ਦਾ ਵਿਰੋਧ ਕੀਤਾ ਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸ੍ਰੀ ਭਗਵੰਤ ਮਾਨ ਨੂੰ ਇਸ ਕੂੜ ਪ੍ਰਚਾਰ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਬਾਦਲ ਨੇ ਇਸੇ ਤਰੀਕੇ ਨੇ ਇਹ ਵੀ ਝੂਠ ਬੋਲਿਆ ਹੈ ਕਿ ਬਾਦਲ ਪਰਿਵਾਰ ਦੀਆਂ 62 ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਾਰੀਆਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਜਿਹਨਾਂ ਦੇ ਐਸਟੈਂਸ਼ਨ ਸਨ, ਉਹ ਸੁਪਰੀਮ ਕੋਰਟ ਨੇ ਰੱਦ ਕਰਨ ਦੇ ਹੁਕਮ ਦਿੱਤੇ ਸਨ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਇਹ ਕਹਿ ਕੇ ਬਾਦਲ ਪਰਿਵਾਰ ਦੀ ਬਦਨਾਮੀ ਕਰਨ ਦਾ ਯਤਨ ਕੀਤਾ ਸੀ ਕਿ ਐਸ ਵਾਈ ਐਲ ਦੀ ਉਸਾਰੀ ਬਦਲੇ ਅਸੀਂ ਗੁੜਗਾਓਂ ਵਿਚ ਹੋਟਲ ਵਾਸਤੇ ਥਾਂ ਲਈ ਸੀ ਤੇ ਹੁਣ ਵੀ ਝੂਠ ਬੋਲਿਆ ਹੈ। ਉਹਨਾਂ ਕਿਹਾ ਕਿ ਗੁੜਗਾਓਂ ਵਿਚ ਹੋਟਲ ਦੀ ਥਾਂ ਬਾਦਲ ਪਰਿਵਾਰ ਨੇ 1989 ਵਿਚ ਇੰਡਸਟ੍ਰੀਅਲ ਪਾਲਸੀ ਤਹਿਤ ਅਪਲਾਈ ਕਰ ਕੇ ਹਾਸਲ ਕੀਤੀ ਸੀ ਜਦੋਂ ਕਿ ਐਸ ਵਾਈ ਐਲ ਨਹਿਰ ਪ੍ਰਾਜੈਕਟ ਨੂੰ 1976 ਵਿਚ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਨੇ ਸਿਧਾਂਤਕ ਮਨਜ਼ੂਰੀ ਦਿੱਤੀ ਸੀ। ਉਹਨਾਂ ਕਿਹਾ ਕਿ ਉਹ ਸ੍ਰੀ ਭਗਵੰਤ ਮਾਨ ਨੂੰ ਇਹ ਵੀ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਜਦੋਂ 1979 ਵਿਚ ਦੇਵੀ ਲਾਲ ਨੇ ਐਸ ਵਾਈ ਐਲ ਨਹਿਰ ਦੀ ਉਸਾਰੀ ਵਾਸਤੇ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਸੀ ਤਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਨੂੰ ਚੁਣੌਤੀ ਦਿੱਤੀ ਸੀ ਤਾਂ ਜੋ ਨਹਿਰ ਦੀ ਉਸਾਰੀ ਰੋਕੀ ਜਾ ਸਕੇ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਆਪ ਕਪੂਰੀ ਮੋਰਚੇ ਦੀ ਅਗਵਾਈ ਕੀਤੀ ਸੀ ਤਾਂ ਜੋ ਨਹਿਰ ਨਾ ਉਸਾਰੀ ਜਾਵੇ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਏ ਵਿਕਾਸ ਕਾਰਜਾਂ ਵੇਲੇ ਵੀ ਝੂਠ ਬੋਲਿਆ ਹੈ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਥਰਮਲ ਪਲਾਂਟ, ਹਵਾਈ ਅੱਡੇ, ਹਾਈਵੇ, ਸਿੰਜਾਈ ਚੈਨਲ ਤੇ ਮੰਡੀਆਂ ਦੀ ਉਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੀ ਹੋਈ ਸੀ। ਆਪ ਸਰਕਾਰ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਦਰਸਾਉਣ ਵਾਸਤੇ ਕੱਖ ਨਹੀਂ ਹੈ ਜਦੋਂ ਕਿ ਇਸਨੇ ਪਹਿਲੇ ਡੇਢ ਸਾਲਾਂ ਵਿਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ।