ਮੁੱਖ ਮੰਤਰੀ ਮਾਨ ਨੇ ਆੜ੍ਹਤੀਆਂ ਨਾਲ ਕੀਤੀ ਮੀਟਿੰਗ, ਪੰਜਾਬ ਦੀਆਂ ਮੰਡੀਆਂ ਵਿੱਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋਵੇਗੀ ਸ਼ੁਰੂ

ਚੰਡੀਗੜ੍ਹ, 7 ਅਕਤੂਬਰ 2024 : ਪੰਜਾਬ ਦੀਆਂ ਮੰਡੀਆਂ ਵਿੱਚ ਕੱਲ੍ਹ ਭਾਵ ਮੰਗਲਵਾਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਹ ਫੈਸਲਾ ਆੜ੍ਹਤੀਆਂ ਅਤੇ ਸੀਐਮ ਮਾਨ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਆੜ੍ਹਤੀ ਏਜੰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੀਟਿੰਗ 'ਚ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਜਦੋਂ ਕਿ ਉਨ੍ਹਾਂ ਦਾ ਮਾਮਲਾ ਕੇਂਦਰ ਸਰਕਾਰ ਅੱਗੇ ਉਠਾਇਆ ਜਾਵੇਗਾ। ਆੜ੍ਹਤੀ ਐਸੋਸੀਏਸ਼ਨ ਨੇ ਕਿਹਾ ਕਿ ਅਸੀਂ ਸਰਕਾਰੀ ਪ੍ਰੈੱਸ ਨੋਟ ਦੀ ਉਡੀਕ ਕਰ ਰਹੇ ਹਾਂ। ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਮੀਟਿੰਗ ਦੁਪਹਿਰ 12 ਵਜੇ ਸ਼ੁਰੂ ਹੋਈ, ਜੋ 2 ਵਜੇ ਤੱਕ ਜਾਰੀ ਰਹੀ। ਇਸ ਵਿੱਚ ਕਿਸਾਨਾਂ ਦੇ ਹਰ ਮਸਲੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਅਤੇ ਸਮੂਹ ਅਧਿਕਾਰੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ 52 ਮੈਂਬਰ ਹਾਜ਼ਰ ਸਨ। ਆੜ੍ਹਤੀਆਂ ਐਸੋਸੀਏਸ਼ਨ ਦਾ ਤਰਕ ਸੀ ਕਿ ਢਾਈ ਰੁਪਏ ਆੜ੍ਹਤ ਬਹੁਤ ਘੱਟ ਹੈ। ਜਦੋਂ ਕਿ ਮਹਿੰਗਾਈ ਬਹੁਤ ਵਧ ਗਈ ਹੈ। ਇਸ 'ਤੇ ਸੀਐਮ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕੀਤਾ ਜਾਵੇਗਾ। ਆੜ੍ਹਤੀਆਂ ਦੀਆਂ ਸਾਰੀਆਂ ਮੰਗਾਂ ਕੇਂਦਰ ਅੱਗੇ ਉਠਾਵਾਂਗੇ। ਕੇਂਦਰ ਸਰਕਾਰ ਨੇ ਕਰੀਬ 192 ਕਰੋੜ ਰੁਪਏ ਕਮਿਸ਼ਨ ਫੀਸ ਵਜੋਂ ਰੱਖੇ ਹਨ। ਮੀਟਿੰਗ ਵਿੱਚ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਦਿਹਾੜੀ ਦਾ ਮੁੱਦਾ ਵੀ ਉਠਾਇਆ ਗਿਆ। ਇਸ ਨੂੰ ਵੀ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।