ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਮੀਂਹ ਪੈਣ ਦੀ ਸੰਭਾਵਨਾ : ਮੌਸਮ ਵਿਭਾਗ

ਚੰਡੀਗੜ੍ਹ, 30 ਜਨਵਰੀ : ਪੰਜਾਬ ਅਤੇ ਹਰਿਆਣਾ ’ਚ ਮੰਗਲਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਜਿਸ ਨਾਲ ਪਾਨੀਪਤ ਅਤੇ ਬਠਿੰਡਾ ਸਮੇਤ ਹੋਰ ਜਗ੍ਹਾ ’ਤੇ ਵਿਜ਼ੀਬਿਲਟੀ ਜੀਰੋ ਤੋਂ ਲੈ ਕੇ 10 ਮੀਟਰ ਤੱਕ ਰਹੀ। ਨਾਲ ਹੀ ਅੱਜ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਜਿਸ ਦੇ ਚੱਲਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਅੱਗਲੇ ਇੱਕ ਹਫਤੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ’ਚ ਮੀਂਹ ਨਾਲ ਬਰਫਬਾਰੀ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 6 ਜ਼ਿਲ੍ਹਿਆਂ ’ਚ ਅੱਜ ਮੀਂਹ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਵੀ ਵੱਖ-ਵੱਖ ਜ਼ਿਲ੍ਹਿਆਂ ’ਚ ਹਲਕੇ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਸਿਲਸਿਲਾ ਤਿੰਨ ਫਰਵਰੀ ਤੱਕ ਜਾਰੀ ਰਹੇਗਾ। ਪੰਜਾਬ ਦੇ 6 ਜ਼ਿਲ੍ਹਿਆਂ ’ਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਸੀਨੀਅਰ ਵਿਗਿਆਨੀ ਡਾ. ਏਕੇਸਿੰਘ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਮੀਂਹ ਪਵੇਗਾ। ਜਦੋਂਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਨਾਲ ਕਣਕ ਸਮੇਤ ਸਾਰੀਆਂ ਫਸਲਾਂ ਨੂੰ ਫਾਇਦਾ ਹੋਵੇਗਾ। ਧੁੰਦ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਫਸਲਾਂ ਸੜ ਗਈਆਂ ਹਨ। ਪੰਜਾਬ ’ਚ ਅੱਧ ਦਸੰਬਰ ਤੋਂ ਬਾਅਦ ਮੀਂਹ ਨਹੀਂ ਪਿਆ ਹੈ। ਹਾਲਾਂਕਿ, ਮੀਂਹ ਨਾਲ ਠੰਡ ਅਤੇ ਕੰਬਣੀ ਵਧੇਗੀ। ਦੂਜੇ ਪਾਸੇ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ 8.30 ਤੋਂ 9 ਵਜੇ ਤੱਕ ਧੁੰਦ ਛਾਈ ਰਹੀ ਅਤੇ ਉਸ ਤੋਂ ਬਾਅਦ ਸੂਰਜ ਨਿਕਲਿਆ। ਮੌਸਮ ਵਿਭਾਗ ਅਨੁਸਾਰ 31 ਜਨਵਰੀ ਤੋਂ 5 ਫਰਵਰੀ ਦਰਮਿਆਨ ਪੰਚਕੂਲਾ, ਪਾਣੀਪਤ, ਸਰਸਾ, ਹਿਸਾਰ, ਯਮੁਨਾਨਗਰ, ਅੰਬਾਲਾ, ਫਤਿਹਾਬਾਦ, ਕਰਨਾਲ, ਕੁਰੂਕਸ਼ੇਤਰ, ਕੈਥਲ ਅਤੇ ਜੀਂਦ ’ਚ ਤੇਜ ਹਵਾਵਾਂ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਸੂਬੇ ਦੇ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦਾ ਵਾਧਾ ਵੇਖਿਆ ਗਿਆ ਹੈ। ਹਰਿਆਣਾ ’ਚ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ’ਚ ਮੀਂਹ ਦੇ ਨਾਲ ਬਰਫਬਾਰੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 31 ਜਨਵਰੀ ਨੂੰ ਚੰਬਾ, ਕੁੱਲੂ, ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ, ਲਗਾਤਾਰ ਹੋ ਰਹੀ ਡਬਲਯੂਡੀ ਕਾਰਨ ਪਹਾੜੀ ਰਾਜਾਂ ’ਚ ਫਰਵਰੀ ਦੇ ਸ਼ੁਰੂ ’ਚ ਦੋ ਤੋਂ ਤਿੰਨ ਦਿਨ ਬਰਫਬਾਰੀ ਅਤੇ ਮੀਂਹ ਪਵੇਗਾ।