- ਪੰਜਾਬ ਦੇ ਸੀ ਈ ਓ ਸੀ ਸਿਬਿਨ ਨੇ ਸਮਝੌਤਾ ਕੀਤਾ, ਉਹਨਾਂ ਦੇ ਨਾਲ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਤੇ ਜਲੰਧਰ ਦਿਹਾਤੀ ਦੇ ਐਸ ਐਸ ਪੀ ਖਿਲਾਫ ਕਾਰਵਾਈ ਹੋਵੇ : ਮਜੀਠੀਆ
ਚੰਡੀਗੜ੍ਹ, 11 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਨੂੰ ਅਪੀਲ ਕੀਤੀ ਕਿ ਜਿਹੜੇ ਆਗੂ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਧਾਂਦਲੀਕੀਤੀ, ਉਹਨਾਂ ਖਿਲਾਫ ਕੇਸ ਦਰਜ ਕੀਤੇ ਜਾਣ ਅਤੇ ਉਹਨਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਚੋਣ ਅਫਸਰ ਸੀ ਸਿਬਿਨ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਜਲੰਧਰ ਦਿਹਾਤੀ ਦੇ ਐਸ ਐਸ ਪੀ ਮੁਖਵਿੰਦਰ ਸਿੰਘ ਭੁੱਲਰ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੋ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨਾਲ ਰਲੇ ਹੋਏ ਸਨ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਭਾਰਤੀ ਚੋਣ ਕਮਿਸ਼ਨ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਫਸਰ ਸੀ ਸਿਬਿਨ ਨਾਲ ਸਮਝੌਤਾ ਕੀਤਾ ਗਿਆ ਤੇ ਉਹਨਾਂ ਨੇ ਜਾਣ ਬੁੱਝ ਕੇ ਆਪ ਵਿਧਾਇਕਾਂ ਤੇ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੀ ਸਿਬਿਨ ਦੇ ਖਿਲਾਫ ਪੀ ਐਸ ਆਈ ਡੀ ਸੀ ਦੇ ਪਲਾਟ ਦੀ ਵੰਡ ਦੇ 700 ਕਰੋੜ ਰੁਪਏ ਦੇ ਘਪਲੇ ਵਿਚ ਵਿਜੀਲੈਂਸ ਵਿਭਾਗ ਨੇ ਜਾਂਚ ਨਹੀਂ ਕੀਤੀ। ਉਹਨਾਂ ਕਿਹਾਕਿ ਇਹੀ ਕਾਰਨ ਹੈ ਕਿ ਸ੍ਰੀ ਸੀ ਸਿਬਿਨ ਵਿਰੋਧੀ ਧਿਰ ਵੱਲੋਂ ਦਿੱਤੀਆਂ ਸ਼ਿਕਾਇਤਾਂ ’ਤੇ ਸੁੱਤੇ ਰਹੇ ਤੇ ਉਹਨਾਂ ਕਿਸੇ ਵੀ ਆਪ ਵਿਧਾਇਕ ਦੀ ਗ੍ਰਿਫਤਾਰੀ ਦੇ ਹੁਕਮ ਨਹੀਂ ਦਿੱਤੇ। ਹੋਰ ਵੇਰਵੇ ਸਾਂਝੇ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੈ ਕਿਹਾ ਕਿ ਜਲੰਧਰ ਵਿਚ ਵੋਟਾਂ ਵਾਲੇ ਦਿਨ ਜਿਹੜੇ ਆਪ ਵਿਧਾਇਕ ਫੜੇ ਗਏ ਜਾਂ ਜਿਹਨਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਉਹਨਾਂ ਵਿਚ ਦਲਬੀਰ ਸਿੰਘ ਟੋਂਗ, ਦਲਜੀਤ ਸਿੰਘ ਗਰੇਵਾਲ, ਜਸਬੀਰ ਸੰਧੂ, ਗੁਰਪ੍ਰੀਤ ਗੋਗੀ, ਅਮੋਲਕ ਸਿੰਘ, ਮਦਨ ਲਾਲ ਬੱਗਾ ਤੇ ਅਜੈ ਗੁਪਤਾ ਵੀ ਸ਼ਾਮਲ ਹਨ। ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਚੋਣ ਅਫਸਰ ਨੇ ਤਾਂ ਚੋਣ ਪ੍ਰਕਿਰਿਆ ’ਤੇ ਕੰਟਰੋਲ ਹੋਣ ਦਾ ਵਿਖਾਵਾ ਵੀ ਨਹੀਂ ਕੀਤਾ ਜਿਸ ਕਾਰਨ ਆਪ ਗੁੰਡਾਗਰਦੀ ਤੇ ਬੂਥਾਂ ’ਤੇ ਕਬਜ਼ੇ ਕਰਨ ਵਾਸਤੇ ਉਤਸ਼ਾਹਿਤ ਹੋਈ। ਉਹਨਾਂ ਕਿਹਾ ਕਿ ਬੂਥਾਂ ਦੇ ਅੰਦਰ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਗਈ ਤੇ ਇਕ ਆਪ ਆਗੂ ਤੇ ਮੰਤਰੀ ਇੰਦਰਜੀਤ ਸਿੰਘ ਨਿੱਝਾਰ ਦੇ ਵਫਾਦਾਰ ਗੌਰਵ ਮੋਂਟੂ ਨੂੰ ਅਕਾਲੀ ਦਲ ਤੇ ਬਸਪਾ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੇ ਬੈਲਟ ਬਕਸਿਆਂ ਨੂੰ ਲਾਉਣ ਵਾਲੀਆਂ ਸੀਲਾਂ ਨਾਲ ਫੜ ਵੀ ਲਿਆ ਸੀ। ਉਹਨਾਂ ਕਿਹਾ ਕਿ ਐਸ ਐਸ ਪੀ ਮੁਖਵਿੰਦਰ ਭੁੱਲਰ ਨੇ ਅਕਾਲੀ ਵਰਕਰਾਂ ਨੂੰ ਇਸ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਮੋਂਟੂ ਨੂੰ ਛੱਡ ਦੇਣ ਤੇ ਸੰਕੇਤ ਦਿੱਤਾ ਕਿ ਸਾਰਾ ਪ੍ਰਸ਼ਾਸਨ ਆਪ ਸਰਕਾਰ ਦੇ ਪ੍ਰਭਾਵ ਹੇਠ ਹੈ। ਉਹਨਾਂ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਵਿਚ ਵਿਰੋਧੀ ਧਿਰ ਵੱਲੋਂ ਦਿੱਤੀਆਂ ਸ਼ਿਕਾਇਤਾਂ ਪ੍ਰਤੀ ਬੇਰੁਖੀ ਦਾ ਹਵਾਲਾ ਵੀ ਦਿੱਤਾ। ਅਕਾਲੀ ਆਗੂ ਨੇ ਮੁੱਖ ਚੋਣ ਅਫਸਰ ਵੱਲੋਂ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਆਪ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੀ ਰਾਖੀ ਕਰਨ ਵਿਚ ਵੀ ਨਾਕਾਮ ਰਹੀ ਤੇ ਇਲਾਕੇ ਵਿਚ ਤਿੰਨ ਬੰਬ ਧਮਾਕੇ ਹੋਏ। ਇਸਨੂੰ ਕਾਨੂੰਨ ਵਿਵਸਥਾ ਤੇ ਖੁਫੀਆ ਏਜੰਸੀਆਂ ਦੀ ਸਭ ਤੋਂ ਵੱਡੀ ਅਸਫਲਤਾ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਕੇਸ ਅਖੀਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੀ ਟਾਸਕ ਫੋਰਸ ਨੇ ਹੱਲ ਕੀਤਾ ਜਦੋਂ ਕਿ ਆਪ ਸਰਕਾਰ ਤੇ ਸੂਬਾ ਪੁਲਿਸ ਇਕ ਹਫਤਾ ਪਹਿਲਾਂ ਤੱਕ ਸਰਹੱਦੀ ਪੱਟੀ ’ਤੇ ਪੀ ਆਰ ਐਕਸਰਸਾਈਜ਼ ਕਰਦੀ ਰਹੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਕੇਸ ਦੀ ਸਮੀਖਿਆ ਵਾਸਤੇ ਸ੍ਰੀ ਦਰਬਾਰ ਸਾਹਿਬ ਜਾਣਾ ਵੀ ਮੁਨਾਸਬ ਨਹੀਂ ਸਮਝਿਆ ਤੇ ਸਿਰਫ ਪੀ ਆਰ ਐਕਸਰ ਸਾਈਜ਼ ਵਿਚ ਲੱਗੇ ਰਹੇ। ਉਹਨਾਂ ਕਿਹਾ ਕਿ ਇਸ ਸਭ ਦੇ ਨਤੀਜੇ ਵਜੋਂ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਫੈਲੀ ਹੋਈਹੈ ਤੇ ਇਸ ਨਾਲ ਪਵਿੱਤਰ ਨਗਰੀ ਵਿਚ ਹੋਟਲਾਂ ਵਾਲਿਆਂ ਤੇ ਵਪਾਰੀਆਂ ਦਾ ਵੱਡਾ ਨੁਕਸਾਨ ਹੋਇਆ ਹੈ।