ਜਨਮ ਦਿਨ ਦੀ ਪਾਰਟੀ ਕਰਕੇ ਪਰਤ ਰਹੇ ਨੌਜਵਾਨਾਂ ਦੀ ਕਾਰ ਨਹਿਰ ‘ਚ ਡਿੱਗੀ, 2 ਨੌਜਵਾਨਾਂ ਦੀ ਮੌਤ 

ਪਠਾਨਕੋਟ , 27 ਜੂਨ 2024 : ਪਠਾਨਕੋਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸ਼ਹਿਰ ‘ਚ ਇਕ ਗੱਡੀ ‘ਚ ਸਵਾਰ 6 ਨੌਜਵਾਨਾਂ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਬੁੱਧਵਾਰ ਦੇਰ ਰਾਤ ਪਠਾਨਕੋਟ ਦੇ ਕਾਠਵਾਲਾ ਨਹਿਰ ਦੇ ਪੁਲ ਕੋਲ ਵਾਪਰਿਆ। ਜਾਣਕਾਰੀ ਮੁਤਾਬਕ 6 ਦੋਸਤ ਜਨਮ ਦਿਨ ਦੀ ਪਾਰਟੀ ਮਨਾ ਕੇ ਕਾਰ 'ਚ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਧੀਰਾ ਪੁਲ 'ਤੇ ਪਹੁੰਚੀ ਤਾਂ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗੀ। ਕਾਰ ਦੇ ਨਹਿਰ ਵਿੱਚ ਡਿੱਗਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਕਾਰ ’ਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢਿਆ। ਇਸ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਹਾਦਸੇ ਵਿੱਚ ਮਰਨ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਵਿਆਹ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ। ਉਸ ਨੇ ਕੁਝ ਦਿਨਾਂ ਬਾਅਦ ਵਿਦੇਸ਼ ਜਾਣਾ ਸੀ। ਕਾਰ ਕਰੀਬ 30-40 ਫੁੱਟ ਹੇਠਾਂ ਡਿੱਗ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਸਵੇਰੇ ਕਰੇਨ ਦੀ ਮਦਦ ਨਾਲ ਗੱਡੀ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ।