ਤਰਨਤਾਰਨ ਵਿੱਚ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਚਾਚੀ ਤੇ ਭਤੀਜੇ ਦੀ ਮੌਤ

ਤਰਨਤਾਰਨ, 16 ਨਵੰਬਰ : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸ਼ਹਾਬਪੁਰ ਡਿਆਲ ‘ਚ ਕਾਰ ਅਤੇ ਇੱਕ ਮੋਟਰਸਾਈਕਲ ਦੀ ਹੋਈ ਟੱਕਰ ‘ਚ ਚਾਚੀ ਅਤੇ ਭਤੀਜੇ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਗਿਆਨ ਕੌਰ (62) ਪਤਨੀ ਕਸ਼ਮੀਰ ਸਿੰਘ ਅਤੇ ਜੋਗਾ ਸਿੰਘ (25) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਜੌੜਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗਿਆਨ ਕੌਰ ਆਪਣੇ ਭਤੀਜੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨਤਾਰਨ ਤੋਂ ਦਵਾਈ ਲੈਣ ਲਈ ਗਏ ਸਨ, ਜਦੋਂ ਉਹ ਦਵਾਈ ਲੈ ਕੇ ਵਾਪਸ ਪਿੰਡ ਆ ਰਹੇ ਸਨ ਤਾਂ ਉਨ੍ਹਾਂ ਦੀ ਸ਼ਹਾਬਪੁਰ ਡਿਆਲ ਬੱਸ ਅੱਡੇ ਤੇ ਉਨ੍ਹਾਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਮੌਕੇ ਤੇ ਮੌਜ਼ੂਦ ਲੋਕਾਂ ਅਨੁਸਾਰ ਇਹ ਹਾਦਸਾ ਐਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਚਾਚੀ-ਭਤੀਜੇ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਣਪਛਾਤੇ ਕਾਰ ਚਾਲਕ ਤੇ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।