ਜਲਾਲਾਬਾਦ ਵਿੱਚ ਵਿਆਹ ‘ਚ ਜੈ ਮਾਲਾ ਲਈ ਸਟੇਜ ‘ਤੇ ਚੜੀ ਲਾੜੀ ਦੀ ਹੋਈ ਮੌਤ

ਜਲਾਲਾਬਾਦ, 27 ਫਰਵਰੀ : ਪਿੰਡ ਸਵਾਹਵਾਲਾ 'ਚ ਲਾੜੀ ਨੀਲਮ ਰਾਣੀ (23) ਦੀ ਵਿਆਹ ਮੌਕੇ ਕੀਤੇ ਜਾ ਰਹੇ ਸ਼ਗਨਾਂ ਦੌਰਾਨ ਮੌਤ ਹੋ ਗਈ। ਲਾੜੀ ਦੀ ਮੌਤ ਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ। ਦਰਅਸਲ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਬਾਰਾਤ ਆਈ ਅਤੇ ਲਾਵਾਂ ਫੇਰੇ ਵੀ ਹੋਏ । ਫੇਰਿਆਂ ਤੋਂ ਬਾਅਦ ਕੁੜੀ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ, ਜਿਸ ਤੋਂ ਬਾਅਦ ਡਾਕਟਰ ਨੂੰ ਬੁਲਾ ਕੇ ਦਵਾਈ ਦਿੱਤੀ ਗਈ। ਇਸ ਮਗਰੋਂ ਲੜਕੀ ਨੂੰ ਥੋੜ੍ਹਾ ਠੀਕ ਮਹਿਸੂਸ ਹੋਣ ’ਤੇ ਸਟੇਜ ‘ਤੇ ਜੈਮਾਲਾ ਲਈ ਲਜਾਇਆ ਗਿਆ। ਜਿੱਥੇ ਸਟੇਜ ’ਤੇ ਲੱਗੇ ਸੋਫੇ ’ਤੇ ਬੈਠਦੇ ਸਾਰ ਹੀ ਲਾੜੀ ਨੀਲਮ ਬੇਸੁੱਧ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਕੁੜੀ ਦੀ ਮੌਤ ਹੁੰਦੇ ਸਾਰ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੀਲਮ ਰਾਣੀ ਦੀ ਮਾਂ-ਬਾਪ ਨੂੰ ਲੜਕੀ ਦੇ ਸਹੁਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ। ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਵਿੱਚ ਲਾੜੀ ਨੀਲਮ ਹੱਥਾਂ ਵਿੱਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾ ਰਹੀ ਸੀ,ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।