ਪਿੰਡਾਂ ‘ਚ ਸਰਪੰਚੀ ਦੀ ਲੱਗਣ ਲੱਗੀ ਬੋਲੀ, ਹਰਦੋਵਾਲ ਕਲਾਂ ਵਿੱਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ

ਡੇਰਾ ਬਾਬਾ ਨਾਨਕ, 30 ਸਤੰਬਰ 2024 : ਸੂਬੇ ਵਿੱਚ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ, ਉਸ ਦਿਨ ਤੋਂ ਪੰਚਾਇਤੀ ਚੋਣਾਂ ਲੜਨ ਚਾਹਵਾਨਾਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਸੂਬੇ ਦੇ ਕਈ ਪਿੰਡਾਂ ਵਿੱਚ ਜਿੱਥੇ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਜਾ ਚੁੱਕੀ ਹੈ, ਉੱਥੇ ਕਈ ਪਿੰਡਾਂ ਵਿੱਚੋਂ ਸਰਪੰਚੀ ਲਈ ਬੋਲੀ ਲਗਾਉਣ ਦੀਆਂ ਖਬਰਾਂ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਹਰਦੋਵਾਲ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਭਾਜਪਾ ਆਗੂ ਦੱਸਦਾ ਹੈ, ਵੱਲੋਂ ਸਰਪੰਚੀ ਲਈ ਦੋ ਕਰੋੜ ਦੀ ਬੋਲੀ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਹਰਦੋਵਾਲ ਕਲਾਂ ਦੇ ਪੰਚਾਇਤ ਘਰ ਵਿੱਚ ਤਿੰਨ ਸਰਪੰਚੀ ਦੇ ਦਾਅਵੇਦਾਰਾਂ ਆਤਮਾ ਸਿੰਘ, ਜਸਵਿੰਦਰ ਸਿੰਘ ਬੇਦੀ ਅਤੇ ਨਿਰਵੈਰ ਸਿੰਘ ਵੱਲੋਂ ਬੋਲੀ ਦਿੱਤੀ ਜਾ ਰਹੀ ਹੈ, ਜੋ ਸਭ ਤੋਂ ਜਿਆਦਾ ਬੋਲੀ ਲਗਾਵੇਗਾ, ਉਹੀ ਸਰਪੰਚ ਚੁਣਿਆ ਜਾਵੇਗਾ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀਂ ਆਇਆ। ਅਖੀਰ ਤਿੰਨਾਂ ਦਾਵੇਦਾਰਾਂ ’ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਜਦ ਕਿ ਇੱਕ ਕਰੋੜ ਰੁਪਏ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ। ਜਿਸ ਤੋਂ ਬਾਅਦ ਕੱਲ੍ਹ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ। ਅੱਜ ਇਹ ਦੇਖਣਾ ਹੋਵੇਗਾ ਕਿ ਕੋਈ ਦੋ ਕਰੋੜ ਰੁਪਏ ਤੋਂ ਬੋਲੀ ਵਧਾਉਂਦਾ ਹੈ ਜਾਂ ਨਹੀਂ। ਹਾਲਾਂਕਿ, ਬੀਤੇ ਦਿਨ ਆਖਰੀ ਬੋਲੀ 2 ਕਰੋੜ ਉੱਤੇ ਖ਼ਤਮ ਹੋਈ, ਪਰ ਅੱਜ ਬੋਲੀ ਹੋਰ ਉਪਰ ਵੀ ਜਾ ਸਕਦੀ ਹੈ। ਅੱਜ ਜਿੰਨੇ ਉੱਤੇ ਬੋਲੀ ਮੁਕੇਗੀ, ਉਸ ਉੱਤੇ ਪੱਕੀ ਮੋਹਰ ਲੱਗ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਕੋਠੇ ਚੀਦਿਆਂ ਵਾਲੀ ‘ਚ ਵੀ ਸਰਪੰਚੀ ਲਈ ਲੱਖਾਂ ਦੀ ਬੋਲੀ ਲਗਾਈ ਗਈ ਹੈ। ਇਸ ਦੀ ਇੱਕ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।