ਭਗਵੰਤ ਮਾਨ ਨੇ ਪੰਜਾਬ ’ਚ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 1 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਪੋਰੇਟ ਏਜੰਡਾ ਲਾਗੂ ਕਰ ਕੇ ਕਿਸਾਨਾਂ ਦੀ ਜਿਣਸ ਦੀ ਖਰੀਦਾਰੀ ’ਤੇ ਉਹਨਾਂ ਦਾ ਏਕਾਅਧਿਕਾਰ ਕਰਵਾ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਲਈ ਭਗਵੰਤ ਮਾਨ ਭੇਡੂ ਦੇ ਭੇਸ ’ਚ ਭੇੜੀਆ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਉਹ ਦੇਸ਼ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਬਣ ਗਿਆ ਹੈ ਜਿਸਨੇ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਜਿਹਨਾਂ ਖਿਲਾਫ 700 ਤੋਂ ਜ਼ਿਆਦਾ ਕਿਸਾਨਾਂ ਨੇ ਲੰਬੇ ਸੰਘਰਸ਼ ਵਿਚ ਸ਼ਹੀਦੀਆਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰ ਕੇ ਉਲਟਾ ਉਹਨਾਂ ਦੀ ਪਿੱਠ ਵਿਚ ਹੀ ਛੁਰਾ ਮਾਰਿਆ ਹੈ। ਉਹ ਇਕ ਪਾਸੇ ਤਾਂ ਕਿਸਾਨਾਂ ਨਾਲ ਦੋਸਤੀ ਦਾ ਢਕਵੰਜ ਕਰਦੇ ਰਹੇ ਤੇ ਦੂਜੇ ਪਾਸੇ ਲੁਕਵੇਂ ਤੌਰ ’ਤੇ ਉਹਨਾਂ ਦੇ ਦੁਸ਼ਮਣਾ ਨੂੰ ਮਿਲਦੇ ਰਹੇ। ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਉਹਨਾਂ ਦੇ ਆਪਣੇ ਸੂਬੇ ਵਿਚ ਹੀ ਹਰਿਆਣਾ ਪੁਲਿਸ ਵੱਲੋਂ ਦਿਨ ਦਿਹਾੜੇ ਗੋਲੀਬਾਰੀ ਕਰਨ ਦੇ ਮਾਮਲੇ ’ਤੇ ਚੁੱਪ ਰਹੇ ਜਿਸ ਕਾਰਨ ਸ਼ੁਭਕਰਨ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੋ ਗਿਆ ਤੇ ਅਣਗਿਣਤ ਕਿਸਾਨ ਜ਼ਖ਼ਮੀ ਹੋਏ। ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਨੇ ਸਰਕਾਰੀ ਖਰੀਦ ਮੰਡੀਆਂ ਖਤਮ ਕਰ ਕੇ ਅਤੇ ਵੱਡੇ ਘਰਾਣਿਆਂ ਦੇ ਗੋਦਾਮਾਂ ਨੂੰ ਖਰੀਦ ਕੇਂਦਰਾਂ ਵਿਚ ਬਦਲ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜਦੋਂ ਕਿ ਉਹ ਦਾਅਵਾ ਕਰਦੇ ਰਹੇ ਕਿ ਉਹ ਕਿਸਾਨਾਂ ਨਾਲ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹਨਾਂ ਨੇ ਕਿਸਾਨਾਂ ਦੇ ਹਿੱਤ ਵੇਚ ਕੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਬਦਲੇ ਵਿਚ ਕੀ ਲਿਆ ਹੈ, ਇਸ ਬਾਰੇ ਉਹ ਸਾਰੇ ਪੰਜਾਬੀਆਂ ਨੂੰ ਜਾਣਕਾਰੀ ਦੇਣ। ਉਹਨਾਂ ਕਿਹਾ ਕਿ ਇਹ ਕਿਸਾਨਾਂ ਲਈ ਜੀਵਨ ਤੇ ਮੌਤ ਦਾ ਸਵਾਲ ਹੈ ਤੇ ਭਗਵੰਤ ਮਾਨ ਇਹ ਨਹੀਂ ਆਖ ਸਕਦੇ ਕਿ ਉਹਨਾਂ ਨੂੰ ਪਤਾ ਨਹੀਂ ਕਿ ਕਿਸਾਨ ਕੀ ਚਾਹੁੰਦੇ ਹਨ। ਦੁਨੀਆਂ ਸਾਰਾ ਸੱਚ ਜਾਣਦੀ ਹੈ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਕਈ ਮੂੰਹਾਂ ਸੱਪ ਹੈ। ਉਹਨਾਂ ਕਿਹਾ ਕਿ ਇਹ ਕਾਲੇ ਖੇਤੀ ਕਾਨੂੰਨ ਲਾਗੂ ਕਰਨਾ ਭਗਵੰਤ ਮਾਨ ਦੇ ਦੋਗਲੇਪਨ ਦੀ ਇਕ ਉਦਾਹਰਣ ਹੈ ਤੇ ਭਗਵੰਤ ਮਾਨ ਪੰਜਾਬ ਅਤੇ ਕਿਸਾਨਾਂ ਨਾਲ ਸਬੰਧਤ ਹਰ ਮਾਮਲੇ ’ਤੇ ਦੋਗਲਾ ਕਿਰਦਾਰ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਉਹ ਚੁਪ ਚੁਪੀਤੇ ਹੀ ਚੰਡੀਗੜ੍ਹ, ਦਰਿਆਈ ਪਾਣੀ, ਪੰਜਾਬੀ ਭਾਸ਼ਾ ਅਤੇ ਬੀ ਬੀ ਐਮ ਬੀ ’ਤੇ ਸਾਡੇ ਕੰਟਰੋਲ ਸਮੇਤ ਅਨੇਕਾਂ ਅਹਿਮ ਮੁੱਦਿਆਂ ’ਤੇ ਪੰਜਾਬ ਦੇ ਲੋਕਾਂ ਦੇ ਹਿੱਤ ਸਰੰਡਰ ਕਰਦੇ ਆ ਰਹੇ ਹਨ। ਉਹਨਾਂ ਨੇ ਹੁਣ ਕਿਸਾਨਾਂ ਨਾਲ ਧੋਖੇ ਦਾ ਕਦੇ ਵੀ ਮੁਆਫ ਨਾ ਕੀਤਾ ਜਾ ਸਕਣ ਵਾਲਾ ਗੁਨਾਹ ਹੈ।