ਪੰਜਾਬ ਵਿਚ ਈਸਾਈਅਤ ਦੇ ਜਬਰੀ ਪਾਸਾਰ ਨੂੰ ਰੋਕਣ ਲਈ ਸਿੱਖਾਂ ਦਾ ਜਾਗਰੂਕ ਹੋਣਾ ਬੇਹੱਦ ਸ਼ਲਾਘਾਯੋਗ - ਠਾਕੁਰ ਦਲੀਪ ਸਿੰਘ

ਕੈਨੇਡਾ : ਪੰਜਾਬ ਵਿੱਚ ਈਸਾਈ ਮਿਸ਼ਨਰੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਪਾਖੰਡਵਾਦ ਨੁੰ ਰੋਕਣ ਲਈ ਪਿਛਲੇ ਦਿਨੀਂ ਨਿਹੰਗ ਸਿੰਘਾਂ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਵੱਲੋਂ ਲਈ ਕੀਤੇ ਯਤਨਾਂ  ਦੀ ਭਰਪੂਰ ਸ਼ਲਾਘਾ ਕਰਦਿਆਂ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਵੈ-ਸ਼ਕਤੀ ਨਾਲ ਧਰਮ ਪਰਿਵਰਤਨ ਨੂੰ ਰੋਕਣ ਲਈ ਚੁੱਕਿਆ ਗਿਆ ਇਹ ਇਕ ਸਹੀ ਕਦਮ ਹੈ। ਸਿੱਖ ਸੰਗਤਾਂ ਦਾ ਆਪਣੀ ਸ਼ਕਤੀ ਨਾਲ ਧਰਮ ਪਰਿਵਰਤਨ ਰੋਕਣ ਲਈ ਜਾਗਰੂਕ ਹੋਣਾ; ਸਿੱਖ ਪੰਥ ਲਈ ਇਕ ਚੰਗੇ ਸੰਕੇਤ ਦੀ ਨਿਸ਼ਾਨੀ ਹੈ। ਠਾਕੁਰ ਦਲੀਪ ਸਿੰਘ ਨੇ  ਸਾਰੀਆਂ ਸਿੱਖ ਜਥੇਬੰਦੀਆਂ ਨੂੰ ਆਪਸੀ ਮੱਤਭੇਦ ਭੁਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਜਥੇਬੰਦੀਆਂ ਸਿੱਖੀ ਨੂੰ ਬਚਾਉਣ ਲਈ ਈਸਾਈਅਤ ਦੇ ਖਿਲਾਫ਼ ਇਕਮੁੱਠ ਹੋਣ ਅਤੇ ਆਪੋ ਆਪਣੀ ਥਾਂ ਯਤਨ ਕਰਨ। ਘਰ-ਘਰ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ, ਵਿਦਿਆ, ਸਿਹਤ ਸੰਬੰਧੀ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ, ਤਾਂ ਕਿ ਸਿੱਖ ਪੰਥ ਤੋਂ ਦੂਰ ਹੋਏ ਸਿੱਖਾਂ ਨੂੰ ਮੁੜ ਸਤਿਗੁਰੂ ਜੀ ਦੇ ਚਰਨੀ ਲਾਇਆ ਜਾ ਸਕੇ। ਠਾਕੁਰ ਦਲੀਪ ਸਿੰਘ ਨੇ ਦੱਸਿਆ ਕਿ ‘‘ਨਾਮਧਾਰੀ ਸਿੱਖਾਂ” ਨੇ, ਕਿਸੇ ਕਾਨੂੰਨ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ, ਇਕ ਸਾਲ ਦੇ ਅੰਦਰ-ਅੰਦਰ ਧਰਮ ਪਰਿਵਰਤਨ ਕੀਤੇ ਹੋਏ ਕਈ ਪਿੰਡਾਂ ਵਿੱਚ, ਧਰਮ ਪਰਿਵਰਤਨ ਹੋਇਆਂ ਸਿੱਖਾਂ ਨੂੰ ਵਾਪਸ ਸਿੱਖ ਬਣਾ ਦਿੱਤਾ ਹੈ, ਲੋਕਾਂ ਨੂੰ ਸਿੱਖੀ ਵਿੱਚ ਵਾਪਿਸ ਲਿਆਂਦਾ ਹੈ ਅਤੇ ਉਹਨਾਂ ਦਾ ਸਤਿਗੁਰੂ ਨਾਨਕ ਦੇਵ ਜੀ ਦੇ ਫਲਸਫੇ ਉੱਪਰ ਵਿਸ਼ਵਾਸ ਦ੍ਰਿੜ ਕਰਾਇਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੱਲ ਦਾ ਨਾਮਧਾਰੀਆਂ ਨੇ ਮੀਡੀਆ ਵਿੱਚ ਵੀ ਕੋਈ ਪ੍ਰਚਾਰ ਨਹੀਂ ਕੀਤਾ। ਕਾਨੂੰਨੀ ਸਹਾਇਤਾ ਦੀ ਝਾਕ ਰੱਖਣ ਦੀ ਬਜਾਏ ਇਸੇ ਤਰ੍ਹਾਂ ਹੀ ਆਪਣੀ ਤੀਕਸ਼ਣ ਬੁੱਧੀ ਨਾਲ ਕੰਮ ਕਰਦੇ ਹੋਏ, ਲੋਕਾਂ ਨਾਲ ਮੇਲਜੋਲ ਅਤੇ ਪਿਆਰ ਵਧਾ ਕੇ, ਆਪਣੀ ਸ਼ਕਤੀ ਨਾਲ ਆਪਾਂ ਸਾਰੇ ਹੀ ਧਰਮ ਪਰਿਵਰਤਨ ਨੂੰ ਰੋਕ ਸਕਦੇ ਹਾਂ।