ਆਰਮੀ ਨੇ ਨਹੀਂ ਮੰਨਿਆ 'ਸ਼ਹੀਦ' ਮਾਨਸਾ ਦੇ ਅੰਮ੍ਰਿਤਪਾਲ ਨੂੰ, ਦੇਸ਼ ਦੇ ਸ਼ਹੀਦਾਂ ਪ੍ਰਤੀ ਘਟੀਆ ਮਾਨਸਿਕਤਾ ਲਈ ਕੇਂਦਰ ਸਰਕਾਰ ਦੀ ਆਲੋਚਨਾ

ਚੰਡੀਗੜ੍ਹ, 14 ਅਕਤੂਬਰ : ਮਾਨਸਾ ਦੇ 19 ਸਾਲਾ ਅਗਨੀਵੀਰ ਫੌਜੀ ਅੰਮ੍ਰਿਤਪਾਲ ਸਿੰਘ ਦੀ ਮੌਤ ਹੋਣ ਤੇ ਫਿਰ ਭਾਰਤੀ ਫੌਜ ਵੱਲੋਂ ਉਸਦੀ ਮ੍ਰਿਤਕ ਘਰ ਲਿਆਉਣ ਵਾਸਤੇ ਫੌਜੀ ਐਂਬੂਲੈਂਸ ਨਾ ਦੇਣ ਤੇ ਫਿਰ ਅੰਤਿਮ ਸਸਕਾਰ ਮੌਕੇ ਸਲਾਮੀ ਨਾ ਦੇਣ ਦਾ ਮਾਮਲਾ ਜਦੋਂ ਅੱਜ ਸਾਰਾ ਦਿਨ ਪੰਜਾਬ ਵਿਚ ਭੱਖਿਆ ਰਿਹਾ ਤਾਂ ਸ਼ਾਮ ਵੇਲੇ ਭਾਰਤੀ ਫੌਜ ਦਾ ਮਾਮਲੇ ’ਤੇ ਟਵੀਟ ਸਾਹਮਣੇ ਆਇਆ। ਭਾਰਤੀ ਫੌਜ ਦੀ 16 ਕਾਰਪਸ ਦੇ ਟਵਿੱਟਰ ਹੈਂਡਲ ਵਾਈਟ ਨਾਈਟ ਕਾਰਪਸ ਤੋਂ ਟਵੀਟ ਕਰ ਕੇ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਦੀ ਮੌਤ 11 ਅਕਤੂਬਰ 2023 ਨੂੰ ਹੋਈ ਸੀ। ਉਹ ਰਾਜੌਰੀ ਵਿਖੇ ਸੰਤਰੀ ਡਿਊਟੀ ’ਤੇ ਤਾਇਨਾਤ ਸੀ ਜਦੋਂ ਉਸਨੇ ਖੁਦ ਨੂੰ ਗੋਲੀ ਮਾਰ ਲਈ। ਇਸ ਮਾਮਲੇ ਦੀ ਜਾਂਚ ਵਾਸਤੇ ਕੋਰਟ ਆਫ ਇਨਕੁਆਰੀ ਜਾਰੀ ਹੈ। ਟਵੀਟ ਵਿਚ ਦੱਸਿਆ ਗਿਆ ਕਿ ਮ੍ਰਿਤਕ ਦੇਹ ਦੇ ਨਾਲ ਇਕ ਜੂਨੀਅਰ ਕਮਿਸ਼ਨਰ ਅਫਸਰ ਤੇ ਚਾਰ ਹੋਰ ਫੌਜੀ ਭੇਜੇ ਗਏ ਜਿਹਨਾਂ ਨੇ ਅਗਨੀਵੀਰ ਯੂਨਿਟ ਵੱਲੋਂ ਕਿਰਾਏ ’ਤੇ ਲਈ ਸਿਵਲ ਐਂਬੂਲੈਂਸ ਵਿਚ ‌ਮ੍ਰਿਤਕ ਦੇਹ ਉਸਦੇ ਘਰ ਪਹੁੰਚਾਈ ਤੇ ਇਹ ਫੌਜੀ ਅਧਿਕਾਰੀ ਅੰਤਿਮ ਸਸਕਾਰ ਵੇਲੇ ਵੀ ਹਾਜ਼ਰ ਸਨ। ਟਵੀਟ ਵਿਚ ਕਿਹਾ ਗਿਆ ਕਿ ਕਿਉਂਕਿ ਫੌਜੀ ਜਵਾਨ ਨੇ ਆਪ ਨੂੰ ਗੋਲੀ ਮਾਰੀ ਹੈ, ਇਸ ਲਈ ਮੌਜੂਦਾ ਨੀਤੀਆਂ ਮੁਤਾਬਕ ਸਲਾਮੀ ਨਹੀਂ ਦਿੱਤੀ ਗਈ। ਫੌਜ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਵੀ ਪ੍ਰਗਟ ਕੀਤੀ।  

ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਸਰਕਾਰ ਦੀ ਨੀਤੀ ਅਨੁਸਾਰ ਇਕ ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ: ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਨੀਤੀ ਅਨੁਸਾਰ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ। ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਪ੍ਰਤੀ ਕੇਂਦਰ ਭਾਵੇਂ ਕੋਈ ਵੀ ਨੀਤੀ ਅਪਣਾਵੇ ਪਰ ਸਾਡੀ ਸਰਕਾਰ ਅਜਿਹੇ ਪੰਜਾਬ ਦੇ ਸੂਰਬੀਰ ਪੁੱਤਰਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੈੱਕ ਜਲਦੀ ਹੀ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਸ ਸ਼ਹੀਦ ਦੇ ਪਰਿਵਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਗੈਰ-ਵਾਜਬ ਹੈ ਅਤੇ ਇਸ ਪੰਜਾਬ ਦੇ ਪੁੱਤਰ ਦੀ ਸ਼ਹਾਦਤ ਦਾ ਨਿਰਾਦਰ ਕਰਨਾ ਅਤਿ ਨਿੰਦਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ।  

'ਅਗਨੀਵੀਰ' ਦਾ ਬਿਨਾਂ ਕਿਸੇ ਫੌਜੀ ਗਾਰਡ ਆਫ ਆਨਰ ਦੇ ਅੰਤਿਮ ਸੰਸਕਾਰ ਕਿਉਂ ? : ਬਾਦਲ
ਅੱਜ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਬੇਸ਼ੱਕ ਉਹ ਅਗਨੀਵੀਰ ਸੀ ਪਰ ਹੋਇਆ ਤਾਂ ਸ਼ਹੀਦ ਦੇਸ਼ ਲਈ ਹੈ । ਇਸੇ ਸੰਬੰਧ ਵਿਚ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਇਹ ਜਾਣ ਕੇ ਹੈਰਾਨੀ ਹੋਈ ਕਿ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਬਿਨਾਂ ਕਿਸੇ ਫੌਜੀ ਗਾਰਡ ਆਫ ਆਨਰ ਦੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਇੱਥੋਂ ਤੱਕ ਕਿ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਵੱਲੋਂ ਇੱਕ ਨਿੱਜੀ ਐਂਬੂਲੈਂਸ ਵਿੱਚ ਉਸ ਦੇ ਜੱਦੀ ਪਿੰਡ ਮਾਨਸਾ ਲਿਆਂਦਾ ਗਿਆ। ਪਤਾ ਲੱਗਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਅੰਮ੍ਰਿਤਪਾਲ ਅਗਨੀਵੀਰ ਸੀ । ਸਾਨੂੰ ਆਪਣੇ ਸਾਰੇ ਸੈਨਿਕਾਂ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ। ਰੱਖਿਆ ਮੰਤਰੀ ਨੂੰ ਬੇਨਤੀ ਹੈ ਕਿ ਸਾਰੇ ਸ਼ਹੀਦ ਸੈਨਿਕਾਂ ਨੂੰ ਫੌਜੀ ਸਨਮਾਨ ਦੇਣ ਦੇ ਨਿਰਦੇਸ਼ ਜਾਰੀ ਕਰਨ।