ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ

  • ਐਸ.ਏ.ਐਸ. ਨਗਰ (ਮੁਹਾਲੀ) ਤੋਂ ਪਾਇਲਟ ਪ੍ਰਾਜੈਕਟ ਵਜੋਂ ਹੋਵੇਗੀ ਸ਼ੁਰੂਆਤ
  • ਲੋਕਾਂ ਨੂੰ ਆਰਾਮਦਾਇਕ ਜਨਤਕ ਟਰਾਂਸਪੋਰਟ ਸੇਵਾ ਮੁਹੱਈਆ ਕਰਨ ਦੇ ਮੰਤਵ ਨਾਲ ਚੁੱਕਿਆ ਕਦਮ

ਚੰਡੀਗੜ੍ਹ, 25 ਜੁਲਾਈ  : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਜਲਦੀ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰੇਗੀ। ਇੱਥੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਟਲ ਬੱਸ ਸੇਵਾ ਲੋਕਾਂ ਨੂੰ ਮਿਆਰੀ ਜਨਤਕ ਟਰਾਂਸਪੋਰਟ ਸਹੂਲਤ ਮੁਹੱਈਆ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਪਾਇਲਟ ਪ੍ਰਾਜੈਕਟ ਵਜੋਂ ਐਸ.ਏ.ਐਸ. ਨਗਰ (ਮੁਹਾਲੀ) ਤੋਂ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਬਾਅਦ ਵਿੱਚ ਇਹ ਸੇਵਾ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਚਲਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਲੋਕਾਂ ਨੂੰ ਜਨਤਕ ਟਰਾਂਸਪੋਰਟ ਲਈ ਬਿਹਤਰੀਨ ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਉਮੀਦ ਜਤਾਈ ਜਨਤਕ ਟਰਾਂਸਪੋਰਟ ਦੇ ਇਨ੍ਹਾਂ ਸਾਧਨਾਂ ਨਾਲ ਸ਼ਹਿਰਾਂ ਵਿੱਚ ਟਰੈਫਿਕ ਜਾਮਾਂ ਦੀ ਸਮੱਸਿਆ ਹੱਲ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਟਲ ਬੱਸ ਸੇਵਾ ਜਲਦੀ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਚਲਾਉਣ ਲਈ ਸੂਬਾ ਸਰਕਾਰ ਪੂਰੀ ਕੋਸ਼ਿਸ਼ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸ਼ਟਲ ਬੱਸ ਸੇਵਾ ਨਾਲ ਟਰੈਫਿਕ ਜਾਮਾਂ ਤੋਂ ਇਲਾਵਾ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਵੀ ਘਟੇਗੀ ਕਿਉਂਕਿ ਇਸ ਨਾਲ ਤੇਲ ਦੀ ਖਪਤ ਘਟੇਗੀ। ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਉਹ ਇਸ ਸੇਵਾ ਬਾਰੇ ਸਾਰੀਆਂ ਲੋੜਾਂ ਜਲਦੀ ਪੂਰੀਆਂ ਕਰਨ ਤਾਂ ਕਿ ਇਸ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਉਤੇ ਫੌਰੀ ਅਮਲ ਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਉਹ ਇਸ ਪ੍ਰਾਜੈਕਟ ਦੀ ਨਿੱਜੀ ਤੌਰ ਉਤੇ ਸਮੀਖਿਆ ਕਰਨਗੇ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ ਤੇ ਹੋਰ ਹਾਜ਼ਰ ਸਨ।